ਸਰਬਜੀਤ ਸਿੰਘ, ਰੂਪਨਗਰ : ਸ਼ਨਿਚਰਵਾਰ ਸਵੇਰੇ ਰੋਪੜ-ਚੰਡੀਗੜ੍ਹ ਮਾਰਗ 'ਤੇ ਸਥਿਤ ਪਿੰਡ ਮੁਗਲ ਮਾਜਰੀ ਕੋਲ ਇਨੋਵਾ ਕਾਰ ਤੇ ਟਰੱਕ ਦੀ ਟੱਕਰ ਹੋ ਗਈ। ਹਾਦਸੇ 'ਚ ਇਨੋਵਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਕ ਬੱਚਾ ਤੇ ਅੌਰਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੌਲਖੀਆਂ ਟੋਲ ਪਲਾਜ਼ਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰੋਪੜ ਵਿਖੇ ਪਹੁੰਚਿਆ ਗਿਆ। ਇੱਥੇ ਅੌਰਤ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਜ਼ਖ਼ਮੀ ਹੋਈ ਅੌਰਤ ਦੀ ਪਹਿਚਾਣ ਦੀਪਾਲੀ ਪਤਨੀ ਅਦਿੱਤਿਆ ਨਿਵਾਸੀ ਦੁਰਗਾਪੁਰ ਬੰਗਾਲ ਅਤੇ ਬੱਚੇ ਦੀ ਪਹਿਚਾਣ ਅੰਕੁਸ਼ ਪੁੱਤਰ ਰਣਜੀਤ ਸੋਰੇਨ ਨਿਵਾਸੀ ਦੁਰਗਾਪੁਰ ਬੰਗਾਲ ਵਜੋਂ ਹੋਈ ਹੈ।

ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਇਨੋਵਾ ਕਾਰ ਸਵਾਰ ਅਦਿੱਤਿਆ ਨੇ ਦੱਸਿਆ ਕਿ ਕਾਰ (ਐੱਚਪੀ-01ਬੀ-2021) 'ਚ ਮਨਾਲੀ ਘੁੰਮਣ ਗਏ ਸਨ ਅਤੇ ਕਾਰ 'ਚ ਦੋ ਅੌਰਤਾਂ ਤੇ ਤਿੰਨ ਬੱਚਿਆਂ ਸਮੇਤ ਅੱਠ ਵਿਅਕਤੀ ਸਵਾਰ ਸਨ। ਜਦੋਂ ਕਾਰ ਪਿੰਡ ਮੁਗਲ ਮਾਜਰੀ ਦੇ ਕੋਲ ਪਹੁੰਚੀ ਤਾਂ ਟੀ-ਪੁਆਇੰਟ ਤੋਂ ਹਾਈਵੇਅ ਚੜ੍ਹ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਜਿਸ 'ਚ ਉਸ ਦੀ ਪਤਨੀ ਅਤੇ ਗੱਡੀ 'ਚ ਸਵਾਰ ਇਕ ਬੱਚਾ ਜ਼ਖ਼ਮੀ ਹੋ ਗਿਆ। ਉਸ ਦੀ ਪਤਨੀ ਨੂੰ ਪੀਜੀਆਈ ਰੈਫਰ ਕਰਨ ਕਾਰਨ ਉਹ ਬੱਚੇ ਨੂੰ ਵੀ ਇਲਾਜ ਲਈ ਪੀਜੀਆਈ ਲੈ ਗਏ। ਪੁਲਿਸ ਨੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।