ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਚੰਡੀਗੜ੍ਹ-ਊਨਾ ਮਾਰਗ ਤੇ ਪੈਂਦੇ ਪਿੰਡ ਢੇਰ ਦੇ ਬੱਸ ਅੱਡੇ ਤੇ ਅੱਜ ਇਕ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਕ ਵਿਅਕਤੀ ਅੱਜ ਸਵੇਰੇ 6 ਵਜੇ ਦੇ ਕਰੀਬ ਸੜਕ ਨੂੰ ਪਾਰ ਕਰਨ ਲੱਗਿਆ ਤਾਂ ਅਚਾਨਕ ਇਕ ਵਹੀਕਲ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਪਿੰਡ ਵਾਸੀਆਂ ਨੇ ਇਸਨੂੰ ਇਲਾਜ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਿਆਉਂਦਾ ਤਾਂ ਹਾਜ਼ਰ ਡਾਕਟਰ ਨੇ ਉਸ ਨੂੰ ਮਿ੍੍ਤਕ ਐਲਾਨ ਦਿੱਤਾ। ਇਸ ਦੀ ਪਹਿਚਾਣ ਅਮਰਜੀਤ ਸਿੰਘ ਪੁੱਤਰ ਤਰਲੋਕ ਸਿੰਘ 47 ਸਾਲ ਵਾਸੀ ਢੇਰ ਵਜੋਂ ਹੋਈ। ਮਿ੍ਤਕ ਫ਼ੌਜ 'ਚੋਂ ਸੇਵਾਮੁਕਤ ਹੋ ਚੁੱਕਾ ਸੀ ਤੇ ਹੁਣ ਥਰਮਲ ਪਲਾਂਟ ਘਨੋਲੀ ਵਿਖੇ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰਦਾ ਸੀ। ਅੱਜ ਸਵੇਰੇ ਡਿਊਟੀ ਜਾਣ ਲਈ ਸੜਕ ਪਾਰ ਕਰਨ ਲੱਗਿਆ ਸੀ ਜਿਸਨੂੰ ਇਕ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰੀ। ਸ੍ਰੀ ਅਨੰਦਪੁਰ ਸਾਹਿਬ ਪੁਲਿਸ ਦੇ ਏਐੱਸਆਈ ਰਾਮ ਸਿੰਘ ਤੇ ਪ੍ਰਮੋਦ ਕੁਮਾਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਅਣਪਛਾਤੇ ਵਾਹਨ ਦੇ ਡਰਾਈਵਰ ਖ਼ਿਲਾਫ਼ 279, 304 ਏ ਮੁਕੱਦਮਾ ਨੰ:107 ਦਰਜ ਕਰ ਲਿਆ। ਪੁਲਿਸ ਨੇ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ।