ਸਰਬਜੀਤ ਸਿੰਘ, ਰੂਪਨਗਰ : ਮੋਰਿੰਡਾ ਦੇ ਪਿੰਡ ਬਮਨਾੜਾ ਵਿਖੇ ਪੁਲਿਸ ਅਤੇ ਲੋਕਾਂ ਵਿਚ ਹੋਈ ਹੱਥੋਪਾਈ ਤੋਂ ਬਾਅਦ ਮੋਰਿੰਡਾ ਦੇ ਤਹਿਸੀਲਦਾਰ ਅਮਨਦੀਪ ਚਾਵਲਾ ਅਤੇ ਜ਼ਿਲ੍ਹਾ ਪੁਲਿਸ ਵਿਚ ਚੱਲ ਰਹੇ ਮਾਮਲੇ ਨੂੰ ਲੈ ਕੇ ਰੈਵਨਿਊ ਐਸੋਸੀਏਸ਼ਨ ਵਲੋਂ ਪੂਰੇ ਪੰਜਾਬ ਵਿਚ ਮੈਜਿਸਟੇ੍ਟ ਅਤੇ ਪ੍ਰਰੋਟੋਕੋਲ ਡਿਊਟੀ ਦਾ ਬਾਈਕਾਟ ਕਰਨ ਦਾ ਇਹ ਫ਼ੈਸਲਾ ਲੁਧਿਆਣਾ ਦੀ ਮੀਟਿੰਗ ਲੁਧਿਆਣਾ 'ਚ ਹੋਈ। ਜ਼ਿਕਰਯੋਗ ਹੈ ਕਿ ਤਹਿਸੀਲਦਾਰ ਅਮਨਦੀਪ ਚਾਵਲਾ ਨੂੰ ਪੁਲਿਸ ਵਲੋਂ ਥਾਣੇ ਵਿਚ ਬੰਦ ਕਰਨ ਦੇ ਰੋਸ ਵਜੋਂ ਰੈਵੀਨਿਊ ਐਸੋਸੀਏਸ਼ਨ ਨੇ ਮੁੱਖ ਸਕੱਤਰ ਪੰਜਾਬ ਤੋਂ ਰੋਪੜ ਦੇ ਐੱਸਐੱਸਪੀ ਸਵਪਨ ਸ਼ਰਮਾ ਦੇ ਤਬਾਦਲੇ ਦੀ ਮੰਗ ਕੀਤੀ ਸੀ। ਯਾਦ ਰਹੇ ਕਿ 2 ਸਤੰਬਰ ਨੂੰ ਮੋਰਿੰਡਾ ਦੇ ਪਿੰਡ ਬਮਨਾੜਾ ਵਿਚ ਹੋਏ ਪੁਲਿਸ ਅਤੇ ਲੋਕਾਂ ਵਿਚ ਖਿੱਚ ਧੂਹ ਤੋਂ ਬਾਅਦ ਐੱਸਐੱਸਪੀ ਰੋਪੜ ਦੁਆਰਾ ਤਹਿਸੀਲਦਾਰ ਅਮਨਦੀਪ ਚਾਵਲਾ ਦੇ ਖਿਲਾਫ਼ ਫਾਈਨਾਂਸ਼ੀਅਲ ਕਮਿਸ਼ਨਰ ਰੈਵੀਨਿਊ ਨੂੰ ਭੇਜੀ ਗਈ ਸ਼ਿਕਾਇਤ ਦੇ ਬਾਅਦ ਰੈਵੀਨਿਊ ਐਸੋਸੀਏਸ਼ਨ ਨੇ 10 ਸਤੰਬਰ ਨੂੰ ਤਹਿਸੀਲਦਾਰ ਅਮਨਦੀਪ ਚਾਵਲਾ ਦੇ ਹੱਕ ਵਿਚ ਮੁੱਖ ਸਕੱਤਰ ਨੂੰ ਮੰਗ ਪੱਤਰ ਦਿੱਤਾ ਸੀ।ਐਸੋਸੀਏਸ਼ਨ ਨੇ ਕਿਹਾ ਸੀ ਕਿ ਐੱਸਐੱਸਪੀ ਰੋਪੜ ਨੇ ਤਹਿਸੀਲਦਾਰ ਦੇ ਨਾਲ ਬੁਰਾ ਵਰਤਾਅ ਕੀਤਾ ਹੈ। ਇਸ ਲਈ ਐੱਸਐੱਸਪੀ ਦੀ ਬਦਲੀ ਕੀਤੀ ਜਾਵੇ।

ਐਸੋਸੀਏਸ਼ਨ ਜਿਸ ਗੱਲ ਨੂੰ ਮੁੱਖ ਰੱਖ ਕੇ ਪੁਲਿਸ 'ਤੇ ਗੈਰ ਕਾਨੂੰਨੀ ਕੈਦ ਵਿਚ ਰੱਖਣ ਦਾ ਦੋਸ਼ ਲਗਾ ਰਹੀ ਹੈ, ਉਸਦੀ ਸੱਚਾਈ ਜਾਣਨ ਲਈ ਜਦੋਂ ਉਸ ਰਾਤ ਸਿਟੀ ਥਾਣੇ ਦਾ ਸੀਸੀਟੀਵੀ ਕੈਮਰਾ ਚੈਕ ਕੀਤਾ ਗਿਆ ਤਾਂ ਉਸ ਵਿਚ ਕਿਤੇ ਵੀ ਇਹ ਦਿਖਾਈ ਨਹੀਂ ਦਿੱਤਾ ਕਿ ਤਹਿਸੀਲਦਾਰ ਅਮਨਦੀਪ ਚਾਵਲਾ ਨੂੰ ਥਾਣੇ ਵਿਚ ਕੈਦ ਕੀਤਾ ਗਿਆ ਹੈ। 2 ਸਤੰਬਰ ਰਾਤ 10.49 ਮਿੰਟ 'ਤੇ ਤਹਿਸੀਲਦਾਰ ਅਮਨਦੀਪ ਚਿੱਟੇ ਰੰਗ ਦੀ ਟੀ ਸ਼ਰਟ ਪਾਈ ਆਪਣੇ ਦੋਸਤ ਦੇ ਨਾਲ ਸਿਟੀ ਥਾਣੇ ਰੋਪੜ ਵਿਚ ਦਾਖਲ ਹੁੰਦਾ ਹੈ ਅਤੇ ਕਰੀਬ ਡੇਢ ਘੰਟੇ ਬਾਅਦ 12.18 ਮਿੰਟ 'ਤੇ ਉਹ ਸਿਟੀ ਥਾਣੇ ਵਿਚ ਬਮਨਾੜਾ ਮਾਮਲਾ ਵਿਚ ਲਿਆਂਦੀ ਮਾਂ ਤੇ ਧੀ ਨੂੰ ਮਿਲ ਕੇ ਦੋਵੇਂ ਬਾਹਰ ਆਉਂਦੇ ਦਿਖਾਈ ਦਿੰਦੇ ਹਨ। ਇਸਦੇ ਨਾਲ ਹੀ ਥਾਣਾ ਸਿਟੀ ਰੋਪੜ ਦੇ ਮੁੱਖੀ ਹਰਕੀਰਤ ਸਿੰਘ ਉਨ੍ਹਾਂ ਦੋਵਾਂ ਨੂੰ ਸਿਟੀ ਥਾਣੇ ਤੋਂ ਬਾਹਰ ਕਾਰ ਤੱਕ ਛੱਡਣ ਲਈ ਆਉਂਦੇ ਦਿਖਾਈ ਦਿੰਦੇ ਹਨ।

ਸੀਸੀਟੀਵੀ ਕੈਮਰਾ ਦੇਖਣ ਤੋਂ ਬਾਅਦ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਤਹਿਸੀਲਦਾਰ ਅਮਨਦੀਪ ਚਾਵਲਾ ਖੁਦ ਥਾਣਾ ਸਿਟੀ ਵਿਚ ਦਾਖਲ ਹੁੰਦੇ ਹਨ ਅਤੇ ਥਾਣਾ ਸਿਟੀ ਮੁਖੀ ਉੁਨ੍ਹਾਂ ਨੂੰ ਛੱਡਣ ਲਈ ਬਾਹਰ ਆਉਂਦੇ ਹਨ ਤਾਂ ਫਿਰ ਇਹ ਗੈਰ ਕਾਨੂੰਨੀ ਕੈਦ ਕਿਸ ਤਰ੍ਹਾਂ ਹੋ ਸਕਦੀ ਹੈ। ਜਦਕਿ ਰੈਵਨਿਊ ਐਸੋਸੀਏਸ਼ਨ ਦੀ ਸ਼ਿਕਾਇਤ ਹੈ ਕਿ ਪੁਲਿਸ ਵਲੋਂ ਤਹਿਸੀਲਦਾਰ ਨੂੰ ਥਾਣੇ ਵਿਚ ਕੈਦ ਕਰਕੇ ਰੱਖਿਆ ਗਿਆ ਸੀ।

ਇਸ ਮਾਮਲੇ ਬਾਰੇ ਸਿਟੀ ਥਾਣਾ ਮੁਖੀ ਹਰਕੀਰਤ ਸਿੰਘ ਨੇ ਕਿਹਾ ਕਿ 2 ਸਤੰਬਰ ਦੀ ਰਾਤ ਨੂੰ ਤਹਿਸੀਲਦਾਰ ਮੋਰਿੰਡਾ ਖੁਦ ਆਪਣੀ ਪ੍ਰਰਾਈਵੇਟ ਕਾਰ ਵਿਚ ਕਿਸੇ ਦੋਸਤ ਨਾਲ ਥਾਣਾ ਸਿਟੀ ਰੋਪੜ ਵਿਚ ਬਮਨਾੜਾ ਮਾਮਲੇ ਵਿਚ ਲੋਕਾਂ ਵਲੋਂ ਬਚਾ ਕੇ ਲਿਆਉਂਦੀ ਮਾਂ ਤੇ ਧੀ ਨੂੰ ਮਿਲਣ ਆਏ ਸਨ ਅਤੇ ਡੇਢ ਘੰਟਾ ਥਾਣੇ ਵਿਚ ਰਹੇ। ਉਨ੍ਹਾਂ ਦੱਸਿਆ ਕਿ ਮੇਰੀ ਤਹਿਸੀਲਦਾਰ ਨਾਲ ਪੁਰਾਣੀ ਜਾਣ ਪਛਾਣ ਹੈ ਅਤੇ ਉਨ੍ਹਾਂ ਨੇ ਥਾਣੇ ਵਿਚ ਚਾਹ ਵੀ ਪੀਤੀ ਸੀ ਅਤੇ ਉਹ ਖੁਦ ਦੋਵਾਂ ਨੂੰ ਥਾਣੇ ਤੋਂ ਬਾਹਰ ਕਾਰ ਤੱਕ ਛੱਡ ਕੇ ਆਏ ਸਨ।