ਜੇਐੱਨਐੱਨ, ਰੂਪਨਗਰ : ਛੇ ਮਈ ਨੂੰ ਪੰਜਾਬ ਦੀ ਰੂਪਨਗਰ ਪੁਲਿਸ ਵੱਲੋਂ ਭਾਖੜਾ ਨਹਿਰ 'ਚ ਤੈਰਦੀਆਂ ਮਿਲੀਆਂ ਰੈਮਡੇਸਿਵਿਰ ਇੰਜੈਕਸ਼ਨ ਤੇ ਐਂਟੀ ਬਾਇਓਟਿਕ ਡਰੱਗ ਦੀਆਂ ਵਾਇਲਜ਼ ਦੀ ਖੇਪ ਦੇ ਤਾਰ ਉੱਤਰ ਪ੍ਰਦੇਸ਼ ਨਾਲ ਜੁੜ ਗਏ ਹਨ। ਐੱਸਆਈਟੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਐਂਟੀ ਬਾਇਓਟੈੱਕ ਡਰੱਗ ਸੈਫੋਪ੍ਰੋਜ਼ੋਨ ਦੀ ਵਾਇਲ 'ਤੇ ਮਾਰਕੀਟਿੰਗ ਕੰਪਨੀ ਨੋਟਵਿਨ ਫਾਰਮਾਸਿਊਟੀਕਲ ਮਲੋਇਆ, ਚੰਡੀਗੜ੍ਹ ਦਾ ਪਤਾ ਹੈ। ਇਸ ਮਾਰਕੀਟਿੰਗ ਕੰਪਨੀ ਨੂੰ ਚਲਾਉਣ ਵਾਲਾ ਵਿਅਕਤੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਹੁਣ ਇਸ ਪਤੇ 'ਤੇ ਕੋਈ ਨਹੀਂ ਰਹਿੰਦਾ।

ਫਿਲਹਾਲ ਪੁਲਿਸ ਇਹ ਨਹੀਂ ਦੱਸ ਰਹੀ ਹੈ, ਇਹ ਵਿਅਕਤੀ ਉੱਤਰ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪਤਾ ਇਹ ਵੀ ਚੱਲਿਆ ਹੈ ਕਿ ਮਾਰਕੀਟਿੰਗ ਕੰਪਨੀ ਚਲਾਉਣ ਵਾਲੇ ਵਿਅਕਤੀ ਦੀ ਤਲਾਸ਼ ਵਿਚ ਐੱਸਆਈਟੀ ਉੱਤਰ ਪ੍ਰਦੇਸ਼ ਗਈ ਹੈ। ਦੂਸਰੇ ਪਾਸੇ ਮਕਾਨ ਮਾਲਿਕ ਦਾ ਕਹਿਣਾ ਹੈ ਕਿ ਇਕ ਮਹੀਨਾ ਪਹਿਲਾਂ ਇਸ ਕੰਪਨੀ ਦਾ ਨੁਮਾਇੰਦਾ ਦਫ਼ਤਰ ਛੱਡ ਚੁੱਕਾ ਹੈ। ਕੁਝ ਸਮਾਂ ਪਹਿਲਾਂ ਹਰਿਆਣਾ ਦੀ ਪੁਲਿਸ ਇਕ ਐੱਫਆਈਆਰ ਦੇ ਸਬੰਧ ਵਿਚ ਵੀ ਇੱਥੇ ਛਾਪਾ ਮਾਰ ਚੁੱਕੀ ਹੈ।

ਜਾਂਚ ਟੀਮ ਨੇ ਵਾਇਲ ਦੇ ਪਿੱਛੇ ਲਿਖੇ ਮਿਲੇ ਹਿਮਾਚਲ ਦਾ ਕਾਲਾ ਅੰਬ ਦੇ ਪਿੰਡ ਮੋਗੀਨੰਦ ਅੱਪਰ ਵਿਚ ਸਥਿਤ ਸਨਵੇਤ ਫਾਰਮਾ ਪ੍ਰਾਈਵੇਟ ਲਿਮਟਿਡ ਦੇ ਉਤਪਾਦਨ ਯੂਨਿਟ 'ਤੇ ਵੀ ਛਾਪਾ ਮਾਰਿਆ। ਇੱਥੋਂ ਪੁਲਿਸ ਨੂੰ ਕੁਝ ਸਬੂਤ ਮਿਲੇ ਹਨ। ਐੱਸਐੱਸਪੀ ਡਾ. ਅਖਿਲ ਚੌਧਰੀ ਮੁਤਾਬਿਕ ਮਾਮਲਾ ਕਾਫੀ ਗੰਭੀਰ ਹੋਣ ਕਾਰਨ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੂੰ ਜਾਂਚ ਸੌਂਪੀ ਗਈ ਹੈ। ਜਾਂਚ ਵਿਚ ਡਰੱਗ ਕੰਟਰੋਲ ਵਿਭਾਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਸੈਂਪਲ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਮੋਹਾਲੀ ਭੇਜੇ ਗਏ ਹਨ। ਜਾਂਚ ਤੋਂ ਬਾਅਦ ਹੀ ਵਾਇਲ 'ਚ ਮਿਲੀ ਦਵਾਈ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਚੱਲੇਗਾ।

ਦੱਸ ਦੇਈਏ ਕਿ ਪੰਜਾਬ 'ਚ ਭਾਖੜਾ ਦੀ ਸਲੇਮਪੁਰ ਝੀਲ 'ਚੋਂ 293 ਰੈਮਡੇਸਿਵਿਰ ਤੇ 122 ਸੈਫੋਪ੍ਰੋਜ਼ੋਨ ਦੀਆਂ ਵਾਇਲ ਬਰਾਮਦ ਹੋਈਆਂ ਸਨ। ਦੁੱਗਰੀ ਝੀਲ ਤੋਂ ਜ਼ਿਆਦਾ ਗਿਣਤੀ 'ਚ ਵਾਇਲ ਬਰਾਮਦ ਹੋਈਆਂ ਸਨ। ਇਨ੍ਹਾਂ ਨੂੰ ਗਿਣਨ ਦੀ ਬਜਾਏ ਸਿਹਤ ਵਿਭਾਗ ਦੀ ਟੀਮ ਪਲਾਸਟਿਕ ਦੀਆਂ ਬੋਰੀਆਂ 'ਚ ਭਰ ਕੇ ਇਨ੍ਹਾਂ ਨੂੰ ਗੱਡੀਆਂ 'ਚ ਲਿਜਾਇਆ ਗਿਆ। ਰੂਪਨਗਰ ਦੇ ਸਲੇਮਪੁਰ ਪਿੰਡ ਦੇ ਭਾਗ ਸਿੰਘ ਇਟਲੀ ਨਾਂ ਦੇ ਵਿਅਕਤੀ ਨੇ ਇਹ ਇੰਜੈਕਸ਼ਨ ਰੁੜ੍ਹਦੇ ਹੋਏ ਭਾਖੜਾ ਨਹਿਰ 'ਚ ਦੇਖੇ। ਫਿਰ ਪਿੰਡ ਦੇ ਸਰਪੰਚ ਤੇ ਮੋਹਤਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

Posted By: Seema Anand