ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ‘‘ਪਿੰਡ ਜਿੰਦਾਪੁਰ ਵਿਚ ਜੰਗਲਾਤ ਵਿਭਾਗ ਦੇ ਰਕਬੇ ਵਿਚ ਹੋਈ ਨਾਜਾਇਜ਼ ਮਾਈਨਿੰਗ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕਰਕੇ ਮੈਨੂੰ ਨਾਜਾਇਜ਼ ਤੌਰ ’ਤੇ ਫਸਾਇਆ ਗਿਆ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਕਾਂਗਰਸ ਆਗੂ ਇਕਬਾਲ ਸਿੰਘ ਸਾਲਾਪੁਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਿਖਤੀ ਐਫੀਡੇਵਿਟ ਦੇ ਕੇ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਜ਼ਮੀਨ ਵਿਚ ਕਾਂਗਰਸ ਸਰਕਾਰ ਸਮੇਂ ਜੋ ਰੇਤੇ ਦੀ ਸਰਕਾਰੀ ਖੱਡ ਸਰਕਾਰ ਦੇ ਠੇਕੇਦਾਰਾਂ ਵੱਲੋਂ ਚਲਾਈ ਜਾ ਰਹੀ ਸੀ, ਉਸ ਵਿਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ ਕਿਉਂਕਿ ਉਸ ਜਗ੍ਹਾਂ ’ਤੇ ਉਨ੍ਹਾਂ ਦੀਆਂ ਜੇਸੀਬੀ ਪੋਪਲਾਈਨ ਮਸ਼ੀਨਾਂ ਠੇਕੇਦਾਰਾਂ ਨੇ ਕਿਰਾਏ ’ਤੇ ਲਗਾਈਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਸਿਰਫ਼ ਉਥੋਂ ਮਸ਼ੀਨਾਂ ਦਾ ਕਰਾਇਆ ਮਿਲਦਾ ਸੀ ਤੇ ਬਾਕੀ ਉਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ, ਇਹ ਠੇਕੇਦਾਰਾਂ ਨੂੰ ਪਤਾ ਹੋਵੇਗਾ, ਉਨ੍ਹਾਂ ਨੂੰ ਸਿਰਫ਼ ਆਪਣੇ ਕਿਰਾਏ ਤਕ ਦਾ ਮਤਲਬ ਸੀ।

ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੀ ਜ਼ਮੀਨ ਪੁੱਟਣ ਜਾਂ ਨਾ ਪੁੱਟਣ ਵਿਚ ਕੋਈ ਲਾਭ ਨਹੀਂ ਸੀ, ਉਨ੍ਹਾਂ ਨੂੰ ਸਿਰਫ਼ ਗੱਡੀ ਭਰਨ ਦਾ ਕਿਰਾਇਆ ਹੀ ਮਿਲਣਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਮਸ਼ੀਨਾਂ ਨੂੰ ਕਿਸ ਜਗ੍ਹਾ ਚਲਾਉਣਾ ਹੈ ਜਾਂ ਕਿੱਥੇ ਪੁਟਾਈ ਕਰਨੀ ਹੈ, ਇਹ ਠੇਕੇਦਾਰ ਦਾ ਕੰਮ ਹੈ। ਉਨ੍ਹਾਂ ਦੱਸਿਆ ਕਿ ਚੰਨੀ ਸਰਕਾਰ ਸਮੇਂ ਉਨ੍ਹਾਂ ਦੀ ਇਕ ਵੀਡਿਓ ਰਿਕਾਰਡਿੰਗ ਵਾਇਰਲ ਹੋਈ ਸੀ ਅਤੇ ਉਸ ਰਿਕਾਰਡਿੰਗ ਬਾਰੇ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਰਿਕਾਰਡਿੰਗ ਹੋ ਰਹੀ ਹੈ ਅਤੇ ਜਿਸ ਵਿਅਕਤੀ ਵੱਲੋਂ ਵੀਡੀਓ ਜਾਰੀ ਕੀਤਾ ਗਿਆ ਹੈ, ਉਹ ਉਨ੍ਹਾਂ ਦੀਆਂ ਮਸ਼ੀਨਾਂ ਹਟਾ ਕੇ ਆਪਣੀਆਂ ਮਸ਼ੀਨਾਂ ਲਗਾਉਣਾ ਚਾਹੁੰਦਾ ਸੀ। ਉਨ੍ਹਾਂ ਨੇ ਕੁਝ ਗੱਲਾਂ ਮਜ਼ਾਕ ਵਿਚ ਵੀ ਕਹਿ ਦਿੱਤੀਆਂ ਸਨ ਜਿਨ੍ਹਾਂ ਨੂੰ ਪ੍ਰਸ਼ਾਸਨ ਗੰਭੀਰਤਾ ਨਾਲ ਲੈ ਰਿਹਾ ਹੈ। ਉਨ੍ਹਾਂ ਨੂੰ ਅਖ਼ਬਾਰਾਂ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਿਜੀਲੈਂਸ ਵਿਭਾਗ ਵੱਲੋਂ ਉਨ੍ਹਾਂ ’ਤੇ ਹੋਰ ਝੂਠੇ ਪਰਚੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦਕਿ ਉਨ੍ਹਾਂ ਦਾ ਮਾਈਨਿੰਗ ਨਾਲ ਕੋਈ ਸਬੰਧ ਨਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹ੍ਹਾ ‘ਆਪ’ ਦੇ ਲੀਡਰ ਰਾਘਵ ਚੱਢਾ ਵੱਲੋਂ ਜਿੰਦਾਪੁਰ ਵਾਲੀ ਥਾਂ ਨੂੰ ਨਾਜਾਇਜ਼ ਮਾਈਨਿੰਗ ਦੱਸਿਆ ਗਿਆ ਸੀ, ਉਸੇ ਥਾਂ ’ਤੇ ਅੱਜ ਵੀ ਮਾਈਨਿੰਗ ਹੋ ਰਹੀ ਹੈ ਅਤੇ ਉਹ ਹੀ ਠੇਕੇਦਾਰ ਹਨ ਅਤੇ ਉਨ੍ਹਾਂ ਦੀਆਂ ਮਸ਼ੀਨਾਂ ਵੀ ਅੱਜ ਵੀ ਉਥੇ ਹੀ ਕਿਰਾਏ ’ਤੇ ਪੁਟਾਈ ਦਾ ਕੰਮ ਕਰ ਰਹੀਆਂ ਹਨ। ਕੀ ਉਹ ਖੱਡ ਅੱਜ 1 ਨੰਬਰ ਵਿੱਚ ਹੋ ਗਈ ਹੈ ਪ੍ਰੰਤੂ ਪ੍ਰਸ਼ਾਸਨ ਵੱਲੋਂ ਬਦਲਾਖੋਰੀ ਦੀ ਨੀਤੀ ਨਾਲ ਉਨ੍ਹਾਂ ’ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ।

ਇਕਬਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਬਦਲਾਖੋਰੀ ਦੀ ਨੀਤੀ ਨਾਲ ਕਿਸੇ ’ਤੇ ਵੀ ਨਾਜਾਇਜ਼ ਪਰਚੇ ਦਰਜ ਨਹੀਂ ਹੋਣਗੇ। ਇਸ ਲਈ ਉਨ੍ਹਾਂ ’ਤੇ ਕੀਤੇ ਜਾ ਰਹੇ ਝੂਠੇ ਪਰਚਿਆਂ ਨੂੰ ਪੰਜਾਬ ਸਰਕਾਰ ਇਨਕੁਆਰੀ ਕਰਵਾ ਕੇ ਸੱਚ-ਝੂਠ ਨੂੰ ਸਾਬਤ ਕਰੇ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਝੂਠੇ ਕੇਸਾਂ ਵਿਚ ਨਾ ਉਲਝਾਇਆ ਜਾਵੇ।

Posted By: Tejinder Thind