ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਬਾਲੀਵੁੱਡ ਅਦਾਕਾਰ ਰਾਜ ਬੱਬਰ ਤੇ ਜੈ ਪ੍ਰਦਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਪਣੀ ਫਿਲਮ 'ਭੂਤ ਅੰਕਲ ਜੀ ਤੁਸੀਂ ਗਰੇਟ ਹੋ' ਦੀ ਸ਼ੂਟਿੰਗ ਲਈ ਪੁੱਜੇ। ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਫਿਲਮ ਦੇ ਕੁਝ ਸੀਨ ਵੀ ਫਿਲਮਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੇ ਹਨ ਕਿਉਂਕਿ ਉਨ੍ਹਾਂ ਨੂੰ ਖ਼ਾਲਸਾ ਪੰਥ ਦੇ ਪ੍ਰਗਟ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਉਹ ਅਸਥਾਨ ਹੈ , ਜਿਸ ਅਸਥਾਨ ਤੋਂ ਸਾਰੀਆਂ ਖ਼ੁਸ਼ੀਆਂ ਮਿਲਦੀਆਂ ਹਨ। ਜੈ ਪ੍ਰਦਾ ਨੇ ਵੀ ਕਿਹਾ ਕਿ ਸਿੱਖ ਪੰਥ ਦੇ ਮਹਾਨ ਤਖ਼ਤ 'ਤੇ ਨਤਮਸਤਕ ਹੋ ਕੇ ਉਹ ਖ਼ੁਦ ਨੂੰ ਬੇਹੱਦ ਖ਼ੁਸ਼ ਮਹਿਸੂਸ ਕਰ ਰਹੇ ਹਨ।

ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਨੂੰ ਪਾਸ ਕਰਨ ਸਬੰਧੀ ਪੁੱਛਣ 'ਤੇ ਅਦਾਕਾਰਾ ਨੇ ਕਿਹਾ ਕਿ ਇਹ ਬਿੱਲ ਕਿਸਾਨ ਵਿਰੋਧੀ ਹਨ ਤੇ ਇਹ ਵਾਪਸ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਅੰਦੋਲਨ ਦੀ ਪੂਰੀ ਹਮਾਇਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਪਰ ਅਫ਼ਸੋਸ ਕਿ ਕੇਂਦਰ ਦੀ ਸਰਕਾਰ ਜ਼ਮੀਨਾਂ ਖੋਹਣ 'ਤੇ ਤੁਲੀ ਹੋਈ ਹੈ, ਜੋ ਅਤਿ ਅਫ਼ਸੋਸਨਾਕ ਹੈ। ਤਖ਼ਤ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਗੁਰਦੀਪ ਸਿੰਘ ਕੰਗ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਸਾਰਿਆਂ ਨੂੰ ਆਪਣਾ ਬਣਾ ਲੈਂਦੀ ਹੈ ਪੰਜਾਬੀ ਭਾਸ਼ਾ

ਬੇਸ਼ੱਕ ਰਾਜ ਬੱਬਰ ਵੱਲੋਂ ਪਹਿਲਾਂ ਵੀ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਗਿਆ ਹੈ ਪਰ ਜੈ ਪ੍ਰਦਾ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਪੰਜਾਬੀ ਬੋਲਣ ਵਿਚ ਕੋਈ ਦਿੱਕਤ ਨਹੀਂ ਆਈ ਤਾਂ ਜੈ ਪ੍ਰਦਾ ਦੇ ਨਾਲ- ਨਾਲ ਰਾਜ ਬੱਬਰ ਨੇ ਵੀ ਕਿਹਾ ਕਿ ਪੰਜਾਬੀ ਉਹ ਜ਼ੁਬਾਨ ਹੈ , ਜੋ ਸਾਰਿਆਂ ਨੂੰ ਆਪਣਾ ਬਣਾ ਲੈਂਦੀ ਹੈ । ਸੋ ਪੰਜਾਬੀ ਬੋਲਣ ਵਿਚ ਕਦੇ ਕਿਸੇ ਨੂੰ ਦਿੱਕਤ ਮਹਿਸੂਸ ਨਹੀਂ ਹੁੰਦੀ।