ਪੱਤਰ ਪ੍ਰਰੇਰਕ, ਸ੍ਰੀ ਅਨੰਦਪੁਰ ਸਾਹਿਬ : ਪਿੰਡ ਮੀਆਂਪੁਰ ਦੇ ਇਕ ਗਰੀਬ ਕਿਸਾਨ ਦੀਆਂ ਤਿੰਨ ਮੱਝਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਿਸਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਬਾਰੇ ਪਿੰਡ ਮੀਆਂਪੁਰ ਦੇ ਮੈਂਬਰ ਪੰਚਾਇਤ ਕਰਨੈਲ ਸਿੰਘ ਤੇ ਪੰਚ ਰਮਨਦੀਪ ਸਿੰਘ ਨੇ ਦੱਸਿਆ ਕਿ ਦੋ ਜਨਵਰੀ ਤੋਂ ਉਸ ਦੀਆਂ 2 ਦੁੱਧ ਦੇਣ ਵਾਲੀਆਂ ਅਤੇ ਇਕ ਗਰਭਵਤੀ ਮੱਝ ਦੇ ਮੂੰਹ 'ਚ ਝੱਗ ਨਿਕਲਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਤਾਂ ਕਈ ਦਿਨ ਇਨ੍ਹਾਂ ਮੱਝਾਂ ਦੀ ਬਿਮਾਰੀ ਸਮਝ ਨਾ ਆਈ ਪਰੰਤੂ ਬੀਤੇ ਦਿਨ ਸਰਕਾਰੀ ਵੈਟਰਨਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੀਤੀ ਤਾਂ ਉਸ ਦੀ ਟੀਮ ਨੇ ਘਰ ਦਾ ਦੌਰਾ ਕੀਤਾ। ਮੱਝਾਂ ਦੇ ਹਲਕਾਅ ਹੋਣ ਦੀ ਸੰਭਾਵਨਾ ਦਾ ਜ਼ਿਕਰ ਕਰਦੇ ਹੋਏ ਖ਼ੂਨ ਦੇ ਸੈਂਪਲ ਲਏ ਗਏ। ਕਿਸਾਨ ਨੇ ਦੱਸਿਆ ਕਿ ਇਨ੍ਹਾਂ ਮੱਝਾਂ ਦੇ ਸਹਾਰੇ ਹੀ ਉਹ ਆਪਣਾ ਪਰਿਵਾਰ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੱਝਾਂ ਦੀ ਕੀਮਤ 2 ਲੱਖ ਰੁਪਏ ਦੇ ਕਰੀਬ ਹੈ। ਉੁਨ੍ਹਾਂ ਦੱਸਿਆ ਕਿ ਮੱਝਾਂ ਦੀ ਕਿਸੇ ਵੀ ਸਮੇਂ ਮੌਤ ਹੋ ਸਕਦੀ ਹੈ ਅਤੇ ਪੂਰਾ ਪਰਿਵਾਰ ਹਲਕਾਅ ਦੇ ਟੀਕੇ ਲਗਵਾ ਰਿਹਾ ਹੈ। ਇਸ ਬਾਰੇ ਵੈਟਰਨਰੀ ਡਾਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਮੱਝਾਂ ਦੇ ਖੂਨ ਦੇ ਸੈਂਪਲ ਲਏ ਗਏ ਹਨ ਤੇ ਹਲਕਾਅ ਦੀ ਪੂਰੀ ਸੰਭਾਵਨਾ ਹੈ।