ਸਰਬਜੀਤ ਸਿੰਘ, ਰੂਪਨਗਰ: ਰੂਪਨਗਰ ਵਾਈਲਡ ਲਾਈਫ ਡਵੀਜ਼ਨ, ਜੰਗਲਾਤ ਤੇ ਜੰਗਲੀ ਜੀਵ ਰੱਖਿਆ ਵਿਭਾਗ ਪੰਜਾਬ ਦੁਆਰਾ ਕਰਵਾਏ ਜਾ ਰਹੇ ਪੰਜਾਬ ਬਰਡ ਫੈਸਟ ਦੇ ਤੀਜੇ ਐਡੀਸ਼ਨ ਦਾ ਆਗ਼ਾਜ਼ ਵੀਰਵਾਰ ਨੂੰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਪੰਛੀ ਪ੍ਰੇਮੀ ਤੇ ਕੁਦਰਤ ਪ੍ਰੇਮੀ ਬਰਡ ਵਾਚ ਸੈਂਟਰ ਰੋਪੜ ਵਿਖੇ ਪੁੱਜੇ।

ਇਸ ਮੌਕੇ ਬਰਡ ਵਾਚ ਟੂਰ ਨੂੰ ਸਤਲੁਜ ਦਰਿਆ ਨੇੜੇ ਗਰੀਨ ਬੈਲਟ 'ਚ ਤਜਰਬੇਕਾਰ ਤੇ ਜੰਗਲੀ ਜੀਵ ਦੇ ਮਾਹਰ ਗਾਈਡਾਂ ਵੱਲੋਂ ਲੋਕਾਂ ਨੂੰ ਜੰਗਲੀ ਜੀਵ ਤੇ ਵਿਦੇਸ਼ੀ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਰਡ ਫੈਸਟ ਦੀ ਸਮਾਪਤੀ 7 ਫਰਵਰੀ ਨੂੰ ਕੀਤੀ ਜਾਵੇਗੀ। ਇਸ ਵਰਡ ਫੈਸਟ 'ਚ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਤੇ ਉਨ੍ਹਾਂ 'ਚ ਕੁਦਰਤ ਤੇ ਜੰਗਲੀ ਜੀਵ ਬਾਰੇ ਰੁਚੀ ਪੈਦਾ ਕਰਨ ਲਈ ਵਿਭਾਗ ਵੱਲੋਂ ਵਿਸ਼ੇਸ਼ ਸੈਰਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ।

ਇਹ ਸੈਰਾਂ 23, 24, 27, 28, 29 ਤੇ 30 ਜਨਵਰੀ ਨੂੰ ਵੱਖ-ਵੱਖ ਹਫਤੇ ਦੇ ਦਿਨਾਂ ਨੂੰ ਕਰਵਾਈਆਂ ਜਾਣਗੀਆਂ। ਲੋਕਾਂ ਨੂੰ ਬੁਲਾਉਣ ਤੇ ਸੈਰ, ਪੇਂਟਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਇਕ ਵਿਸ਼ੇਸ਼ ਹੈਲਪਲਾਈਨ ਨੰਬਰ ਸਾਂਝਾ ਕੀਤਾ ਗਿਆ ਹੈ।

ਡਾ. ਮੋਨਿਕਾ ਯਾਦਵ ਨੇ ਕਿਹਾ ਕਿ ਸਰਦੀਆਂ ਕੁਦਰਤ ਪ੍ਰੇਮੀਆਂ ਲਈ ਸਾਰੇ ਸ਼ਹਿਰ ਦੇ ਸੁੰਦਰ ਪੰਛੀਆਂ ਨੂੰ ਵੇਖਣ ਦਾ ਆਕਰਸ਼ਕ ਸਮਾਂ ਹੁੰਦਾ ਹੈ, ਕਿਉਂਕਿ ਪ੍ਰਵਾਸੀ ਪੰਛੀਆਂ ਦੀਆਂ ਕਈ ਕਿਸਮਾਂ ਇਸ ਸਮੇਂ ਇਸ ਖਿੱਤੇ 'ਚ ਪਰਵਾਸ ਲਈ ਇਥੇ ਆਉਂਦੀਆਂ ਹਨ। ਜੰਗਲਾਤ ਤੇ ਜੰਗਲੀ ਜੀਵ ਵਿਭਾਗ ਵੱਲੋਂ ਲੋਕਾਂ ਨੂੰ ਇਸ ਉਤਸਵ ਦਾ ਦੌਰਾ ਕਰਨ ਤੇ ਸੈਰਾਂ ਦੇ ਨਾਲ-ਨਾਲ ਸੈਮੀਨਾਰਾਂ ਤੇ ਵਰਕਸ਼ਾਪਾਂ 'ਚ ਭਾਗ ਲੈਣ ਲਈ ਅਪੀਲ ਕੀਤੀ ਗਈ ਹੈ।