ਸਰਬਜੀਤ ਸਿੰਘ, ਰੂਪਨਗਰ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ, ਸਾਜਿਸ਼ ਕਰਤਾਵਾਂ ਨੂੰ ਸਖਤ ਸਜ਼ਾਵਾਂ ਦੁਆਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਅਤੇ ਮੁਆਵਜ਼ਾ ਦੁਆਉਣ ਲਈ ਪੰਜਾਬ ਸਟੂਡਂੈਟਸ ਯੂਨੀਅਨ ਦੀ ਅਗਵਾਈ ਵਿੱਚ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨੇ ਰੋਸ ਪ੍ਰਦਰਸਨ ਕੀਤਾ। ਪੀਐਸਯੂ ਦੇ ਜ਼ਿਲ੍ਹਾ ਆਗੂ ਰਵੀ ਕੁਮਾਰ ਅਤੇ ਅਰਪਣ ਸਿੰਘ ਨੇ ਕਿਹਾ ਕਿ ਦੇਸ਼ ਦੀ ਸਿਆਸਤ ਵਿੱਚ ਧਾਰਮਿਕ ਫਿਰਕਾਪ੍ਰਸਤੀ ਨੂੰ ਵਰਤਣਾ ਮੁੱਢ ਤੋਂ ਹੀ ਕੇਂਦਰ ਵਿੱਚ ਰਿਹਾ ਹੈ। ਚਾਹੇ 1947 ਵਿੱਚ ਦੇਸ਼ ਦੀ ਵੰਡ ਦਾ ਸਮਾਂ ਹੋਵੇ, 1984 ਦਾ ਸਿੱਖ ਕਤਲੇਆਮ ਤੇ ਚਾਹੇ ਫਿਰ 2002 ਦਾ ਗੁਜਰਾਤ ਮੁਸਲਿਮ ਕਤਲੇਆਮ ਸਭ ਨੇ ਆਪਣੀਆਂ ਸਿਆਸੀ ਰੋਟੀਆਂ ਹੀ ਸੇਕੀਆਂ ਹਨ। ਅਦਾਲਤਾਂ ਦਾ ਰੁਖ ਵੀ ਅਜਿਹੇ ਮਾਮਲਿਆਂ ਵਿੱਚ ਸਹੀ ਨਹੀਂ ਰਿਹਾ। ਕਈ-ਕਈ ਦਹਾਕਿਆਂ ਤੱਕ ਵੀ ਕੋਈ ਫੈਸਲਾ ਨਾ ਆਉਣਾ ਇਕ ਪੀੜ੍ਹੀ ਤੋਂ ਬਾਅਦ ਦੂਜੀ ਪੀੜ੍ਹੀ ਦਾ ਆ ਜਾਣਾ ਪਰ ਇਨਸਾਫ ਨਾ ਮਿਲਣਾ, ਅਦਾਲਤਾਂ 'ਤੇ ਵੀ ਕਈ ਸਵਾਲ ਖੜੇ੍ਹ ਕਰਦਾ ਹੈ। 1984 ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖਾਂ ਨੂੰ ਸਾਜਿਸ਼ ਤਹਿਤ ਮੌਤ ਦੇ ਘਾਟ ਕਾਰਨ ਉਤਾਰ ਦਿੱਤਾ ਗਿਆ। ਇਕ ਪਾਸੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹੀ ਡੱਕਿਆ ਹੋਇਆ ਹੈ। ਦੂਸਰੇ ਪਾਸੇ ਸੈਂਕੜੇ ਗਵਾਹੀਆਂ ਹੋਣ 'ਤੇ ਵੀ ਸਿੱਖ ਕਤਲੇਆਮ ਦੇ ਦੋਸ਼ੀ ਬਚੇ ਹੋਏ ਹਨ। ਅੱਜ ਵੀ ਦੇਸ਼ ਭਰ ਵਿੱਚ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ 'ਤੇ ਲਗਾਤਾਰ ਹਮਲੇ ਵੱਧ ਰਹੇ ਹਨ। ਇਸ ਮੌਕੇ ਗਗਨ, ਸਮਤਾ, ਰੀਤਿਕਾ, ਨੈਨਸੀ, ਜਸਪਿੰਦਰ, ਆਦਿ ਮੌਜੂਦ ਸਨ।