ਸਰਬਜੀਤ ਸਿੰਘ, ਰੂਪਨਗਰ : ਨਗਰ ਕੌਂਸਲ ਦੇ ਸਫਾਈ ਸੇਵਕਾਂ ਦੀ ਸੈਨੇਟਰੀ ਇੰਸਪੈਕਟਰ ਵਲੋਂ ਤਨਖਾਹ ਕੱਟਣ ਦੇ ਮਾਮਲੇ ਨੂੰ ਲੈ ਕੇ ਅੱਜ ਸ਼ਹਿਰ ਵਿਚ ਹੜਤਾਲ ਰੱਖੀ ਗਈ ਅਤੇ ਸਫਾਈ ਦਾ ਕੰਮ ਬੰਦ ਰੱਖਿਆ। ਜਿਸ ਕਾਰਨ ਸ਼ਹਿਰ ਵਿਚ ਵੱਖ ਵੱਖ ਸਥਾਨਾਂ 'ਤੇ ਗੰਦਗੀ ਦੇ ਢੇਰ ਲੱਗੇ ਰਹੇ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਮਲਾ ਇਹ ਸੀ ਕਿ ਸੇਨੇਟਰੀ ਇੰਸਪੈਕਟਰ ਦਿਆਲ ਸਿੰਘ ਵਲੋਂ ਸਫਾਈ ਸੇਵਕਾਂ ਵਲੋਂ ਸਵੇਰੇ ਕੰਮ 'ਤੇ ਦੇਰੀ ਨਾਲ ਆਉਣ ਕਰਕੇ ਕੁੱਝ ਸਫਾਈ ਸੇਵਕਾਂ ਦੀ ਪਿਛਲੇ ਪੰਜ ਤੋਂ ਦਸ ਦਿਨਾਂ ਦੀ ਗੈਰ ਹਾਜ਼ਰੀ ਲੱਗਣ ਕਰਕੇ 36 ਹਜ਼ਾਰ ਰੁਪਏ ਦੇ ਕਰੀਬ ਤਨਖਾਹ ਕੱਟ ਲਈ ਗਈ ਸੀ ਅਤੇ ਇਸ ਤੋਂ ਭੜਕੇ ਸਫਾਈ ਸੇਵਕਾਂ ਵਲੋਂ ਹੜਤਾਲ ਕੀਤੀ ਗਈ ਅਤੇ ਸਫਾਈ ਨਹੀਂ ਕੀਤੀ ਗਈ। ਅੱਜ ਸਫਾਈ ਸੇਵਕਾਂ ਨੇ ਨਗਰ ਕੌਂਸਲ ਦਫਤਰ 'ਚ ਇਕੱਤਰ ਹੋਕੇ ਨਗਰ ਕੌਂਸਲ ਪ੍ਰਬੰਧਨ ਦੇ ਖਿਲਾਫ ਨਾਅਰੇਬਾਜੀ ਕੀਤੀ ਅਤੇ ਕੱਟੀ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ। ਅੱਜ ਪੂਰੇ ਮਾਮਲੇ ਨੂੰ ਲੈਕੇ ਨਗਰ ਕੌਂਸਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਿਯਸ਼ਨ ਕੁਮਾਰ ਨੇ ਕਿਹਾ ਕਿ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਸਾਡੇ ਨਾਲ ਧੱਕਾ ਕਰ ਰਿਹਾ ਹੈ। ਜਦੋਂਕਿ ਸਫਾਈ ਸੇਵਕ ਆਪਣਾ ਕੰਮ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਦੇ ਹਨ। ਸਫਾਈ ਸੇਵਕਾਂ ਦੀ ਗੈਰ ਹਾਜ਼ਰੀ ਲੱਗਣ ਕਰਕੇ ਤਨਖਾਹ ਕੱਟੀ ਗਈ ਹੈ।

ਉਧਰ, ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨੇ ਕਿਹਾ ਕਿ ਉਹ ਸਫਾਈ ਸੇਵਕਾਂ ਨੂੰ ਪੂਰਾ ਸਹਿਯੋਗ ਕਰਦੇ ਹਨ। ਪਰ ਕੰਮ ਕਰਨ ਵਾਲਿਆਂ ਨੂੰ ਹੀ ਤਨਖਾਹ ਮਿਲੇਗੀ। ਸਫਾਈ ਸੇਵਕਾਂ ਦੇ ਕੰਮ 'ਤੇ ਦੇਰੀ ਨਾਲ ਆਉਣ ਕਰਕੇ ਸ਼ਹਿਰ ਵਿੱਚ ਸਫਾਈ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਅਤੇ ਮਜਬੂਰ ਹੋਕੇ ਗੈਰ ਹਾਜ਼ਰੀ ਲਗਾਉਣੀ ਪੈਦੀ ਹੈ। ਅੱਜ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਮੋਹਿਤ ਕੁਮਾਰ ਨੇ ਮਾਮਲੇ ਨੂੰ ਸੰਭਾਲਦੇ ਹੋਏ ਸਫਾਈ ਸੇਵਕਾਂ ਦਾ ਮਸਲਾ ਹੱਲ ਕਰਵਾਇਆ। ਪ੍ਰਧਾਨ ਮੱਕੜ ਨੇ ਭਰੋਸਾ ਦਿੱਤਾ ਕਿ ਸਫਾਈ ਸੇਵਕਾਂ ਦੀ ਤਨਖਾਹ ਦੇ ਕੱਟੇ 36 ਹਜ਼ਾਰ ਰੁਪਏ ਜਾਰੀ ਕੀਤੇ ਜਾਣਗੇ। ਜਿਸ ਪਰ ਸਫਾਈ ਸੇਵਕਾਂ ਨੇ ਸਹਿਯੋਗ ਦਿੰਦੇ ਹੋਏ ਹੜਤਾਲ ਵਾਪਸ ਲੈ ਲਈ ਹੈ। ਇਸ ਮੌਕੇ ਪ੍ਰਧਾਨ ਿਯਸ਼ਨ ਕੁਮਾਰ, ਰਾਜ ਰਾਣੀ ਚੇਅਰਮੈਨ, ਪ੍ਰਵੀਨ ਕੁਮਾਰ ਮਿੰਨਾ, ਰਾਜ ਕੁਮਾਰ ਰਾਜੂ, ਅੱਲਾ ਰੱਖਾ ਆਦਿ ਸਫਾਈ ਸੇਵਕ ਮੌਜੂਦ ਸਨ।