ਲਖਵੀਰ ਖਾਬੜਾ,ਰੂਪਨਗਰ : ਆਈਟੀਆਈ ਰੂਪਨਗਰ ਵਿਚ ਲੱਗੇ 7ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਪ੍ਰਸ਼ਸਾਨ ਨੂੰ ਹੱਥਾਂ ਪੈਰਾ ਦੀ ਪੈ ਗਈ। ਬੇਰੁਜ਼ਗਾਰ ਅਧਿਆਪਕ ਯੂਨੀਅਨ ਆਗੂਆ ਨੇ ਕਿਹਾਕਿ ਘਰ- ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ ਉਪਰ ਕਾਬਜ਼ ਹੋਈ ਕਾਂਗਰਸ ਸਰਕਾਰ ਲੋੜਵੰਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਤੋਂ ਨਾਕਾਮ ਹੋ ਚੁੱਕੀ ਹੈ। ਦੂਜੇ ਪਾਸੇ ਚੋਣ ਵਾਅਦਿਆ ਨੂੰ ਪੂਰਾ ਕਰਾਉਣ ਲਈ ਵੱਖ-ਵੱਖ ਵਰਗਾਂ ਦੇ ਬੇਰੁਜ਼ਗਾਰ ਤਿੱਖਾ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਸੰਗਰੂਰ ਅਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੁਲਿਸ ਦੀਆਂ ਡਾਂਗਾ ਦਾ ਸੇਕ ਝੱਲ ਰਹੇ ਹਨ। ਜਿਹਨਾਂ ਨੂੰ ਰੁਜ਼ਗਾਰ ਦੀ ਬਜਾਏ ਪਰਚੇ ਦਿੱਤੇ ਜਾ ਰਹੇ ਹਨ। ਕਰੀਬ ਸਾਢੇ ਅੱਠ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਮੋਰਚਾ ਜਾਰੀ ਹੈ, ਜਿੱਥੋਂ ਸਿੱਖਿਆ ਮੰਤਰੀ ਲਾਪਤਾ ਹਨ। ਦੂਜੇ ਪਾਸੇ ਫਾਜਲਿਕਾ ਦਾ ਬੇਰੁਜ਼ਗਾਰ ਨੌਜਵਾਨ ਮੁਨੀਸ਼ ਕੁਮਾਰ 21 ਅਗਸਤ ਤੋਂ ਸੰਗਰੂਰ ਵਿਖੇ ਹੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉਪਰ ਚੜਿ੍ਹਆ ਹੋਇਆ ਹੈ। ਬੇਰੁਜ਼ਗਾਰ ਆਗੂਆਂ ਅਮਨਜੀਤ ਸਿੰਘ, ਰਾਮ ਲਾਲ ਨੇ ਕਿਹਾ ਕਿ ਦਰਜਨਾਂ ਥਾਵਾਂ 'ਤੇ ਅਜਿਹੇ ਮੇਲਿਆਂ ਦੇ ਡਰਾਮਿਆਂ ਦਾ ਪਰਦਾ ਚਾਕ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ 19 ਅਤੇ 23 ਸਤੰਬਰ ਨੂੰ ਮੁੜ ਮੋਤੀ ਮਹਿਲ ਜਾਣਗੇ ਕਿਉਂਕਿ ਕਾਂਗਰਸ ਸਰਕਾਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਆਸਾਮੀਆਂ ਵੱਡੀ ਗਿਣਤੀ ਵਿੱਚ ਭਰਨ ਤੋਂ ਟਾਲਾ ਵੱਟਣ ਸਮੇਤ ਅਨੇਕਾਂ ਹੋਰ ਮੰਗਾਂ ਨੂੰ ਦਰਕਿਨਾਰ ਕਰਦੀ ਆ ਰਹੀ ਹੈ। ਇਸ ਮੌਕੇ ਮਨਪ੍ਰਰੀਤ ਸਿੰਘ, ਕੁਲਵਿੰਦਰ ਕੌਰ, ਨੀਲਮ ਕੌਰ, ਭੁਪਿੰਦਰ ਕੌਰ, ਗੁਰਦੀਪ ਕੌਰ, ਰਤਨ, ਗੁਰਸ਼ਰਨ ਕੌਰ ਆਦਿ ਹਾਜ਼ਰ ਸਨ।

ਅੱਜ ਆਈਟੀਆਈ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਅਗਵਾਈ ਵਿਚ ਤਿੰਨ ਰੋਜ਼ਗਾਰ ਮੇਲੇ ਲਾਏ ਗਏ।ਅੱਜ ਆਈ.ਟੀ.ਆਈ ਲੜਕੇ ਰੂਪਨਗਰ ਵਿਖੇ ਲਾਏ ਗਏ ਰੋਜ਼ਗਾਰ ਮੇਲੇ ਮੌਕੇ 2423 ਨੌਜ਼ਵਾਨਾਂ ਨੇ ਹਿੱਸਾ ਲਿਆ ਜਿਨ੍ਹਾਂ 'ਚੋਂ 1705 ਨੌਕਰੀਆਂ ਲਈ ਚੋਣ ਕੀਤੀ ਗਈ।