ਜੋਲੀ ਸੂਦ, ਮੋਰਿੰਡਾ

ਸ਼ਹਿਰ ਦੇ ਵਾਰਡ ਨੰਬਰ 8 ਵਿਖੇ ਨਗਰ ਖੇੜੇ ਨੇੜੇ ਬਣ ਰਹੇ ਕਮਿਊਨਿਟੀ ਸੈਂਟਰ ਦੀ ਉਸਾਰੀ ਵਿਰੁੱਧ ਮੁਹੱਲਾ ਨਿਵਾਸੀਆਂ ਵੱਲੋਂ ਲਗਾਇਆ ਰੋਸ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ। ਇਸ ਸਬੰਧੀ ਮੁਹੱਲਾ ਨਿਵਾਸੀ ਜੋਤੀ ਰਾਣੀ, ਮਮਤਾ ਰਾਣੀ, ਕੁਲਦੀਪ ਕੌਰ, ਅਨੂੰ, ਤਾਰਾ ਦੇਵੀ, ਸਰਬਜੀਤ ਕੌਰ, ਦੀਪ ਸਿੰਘ, ਰਾਮ ਲਾਲ, ਗੁਲਜ਼ਾਰ ਸਿੰਘ ਤੇ ਜਿੰਦਰਪਾਲ ਸਿੰਘ ਆਦਿ ਨੇ ਦੱਸਿਆ ਕਿ ਵਾਰਡ ਨੰਬਰ 8 ਵਿਖੇ ਨਗਰ ਖੇੜੇ ਦੇ ਨੇੜੇ ਜਿੱਥੇ ਕਮਿਊਨਿਟੀ ਸੈਂਟਰ ਬਣ ਰਿਹਾ ਹੈ, ਇਹ ਜਗ੍ਹਾਂ ਵਾਲਮੀਕ ਪਾਰਕ ਦੀ ਹੈ। ਇਸ ਜਗ੍ਹਾਂ ਨੂੰ ਵਾਲਮੀਕ ਬਰਾਦਰੀ, ਰਾਜਪੂਤ ਬਰਾਦਰੀ ਤੇ ਰਾਮਦਾਸੀਆ ਬਰਾਦਰੀ ਆਪਣੇ ਸਮਾਗਮਾਂ ਲਈ ਵਰਤਦੇ ਹਨ। ਇਸ ਤੋਂ ਇਲਾਵਾ ਕੋਈ ਹੋਰ ਪਾਰਕ ਨਹੀਂ ਹੈ। ਇਸ ਪਾਰਕ ਵਾਲੀ ਜਗ੍ਹਾਂ ਦੀ ਥਾਂ ਹੁਣ ਕਮਿਊੁਨਿਟੀ ਸੈਂਟਰ ਦੀ ਬਿਲਡਿੰਗ ਉਸਾਰੀ ਜਾ ਰਹੀ ਹੈ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਮਿਊਨਿਟੀ ਸੈਂਟਰ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਵਾਰਡ ਵਿਚ ਪਹਿਲਾਂ ਹੀ ਰਾਜਪੂਤ ਬਰਾਦਰੀ ਦੀ ਧਰਮਸ਼ਾਲਾ, ਵਾਲਮੀਕ ਬਰਾਦਰੀ ਦੀ ਧਰਮਸ਼ਾਲਾ ਤੇ ਨਗਰ ਖੇੜੇ ਦੀ ਧਰਮਸ਼ਾਲਾਵਾਂ ਹਨ, ਜੋ ਕਿ ਪੱਕੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚ ਵਿਆਹ ਜਾਂ ਹੋਰ ਪ੍ਰਰੋਗਰਾਮ ਕੀਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸਾਡੇ ਵਾਰਡ ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਬਹੁਤ ਸਮੱਸਿਆ ਹੈ। ਖੇੜੇ ਦੇ ਪਿੱਛਲੇ ਪਾਸੇ ਇਕ ਟੋਬਾ ਹੈ, ਜਿੱਥੇ ਸਾਰੇ ਮੁਹੱਲੇ ਦਾ ਬਰਸਾਤੀ ਪਾਣੀ ਤੇ ਗੰਦਾ ਪਾਣੀ ਇਕੱਠਾ ਹੁੰਦਾ ਹੈ, ਜੋ ਨਿਕਾਸੀ ਨਾ ਹੋਣ ਕਾਰਨ ਤੇ ਟੋਬਾ ਭਰ ਜਾਣ ਤੇ ਗੰਦਾ ਪਾਣੀ ਮੁਹੱਲੇ ਵਿਚ ਆ ਜਾਂਦਾ ਹੈ। ਇਸ ਦੇ ਨਾਲ ਹੀ ਨਗਰ ਖੇੜੇ ਤੋਂ ਇਲਾਵਾ ਵਾਲਮੀਕ ਮੰਦਰ ਤੇ ਪੀਰ ਮਿੱਠੇ ਦੀ ਜਗ੍ਹਾਂ ਹੈ। ਜਿੱਥੇ ਅਕਸਰ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਤੇ ਗੰਦਾ ਪਾਣੀ ਮੁਹੱਲੇ 'ਚ ਖੜ੍ਹਨ ਕਾਰਨ ਭਾਰੀ ਪ੍ਰਰੇਸ਼ਾਨੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਸੈਂਟਰ ਬਣਨ ਨਾਲ ਸਮੱਸਿਆ ਹੋਰ ਵੀ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਥਾਨ 'ਤੇ ਕੰਮਿਊਨਿਟੀ ਸੈਂਟਰ ਨਾ ਬਣਾਇਆ ਜਾਵੇ, ਪਹਿਲਾਂ ਦੀ ਤਰ੍ਹਾਂ ਪਾਰਕ ਹੀ ਰਹਿਣ ਦਿੱਤਾ ਜਾਵੇ। ਇਸ ਮੌਕੇ ਰੋਸ ਧਰਨੇ ਨੂੰ ਸਮਰਥਨ ਦੇਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਸਰਕਲ ਮੋਰਿੰਡਾ ਦੇ ਪ੍ਰਧਾਨ ਅਮਿ੍ਤਪਾਲ ਸਿੰਘ ਖੱਟੜਾ ਅਤੇ ਸਾਬਕਾ ਕੌਂਸਲਰ ਜਗਵਿੰਦਰ ਸਿੰਘ ਪੰਮੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਨਗਰ ਕੌਸਲ ਨੂੰ ਮੁਹੱਲਾ ਨਿਵਾਸੀਆਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਜਦੋ ਮੁਹੱਲਾ ਨਿਵਾਸੀ ਹੀ ਕੰਮਿਊਨਟੀ ਸੈਂਟਰ ਨਹੀ ਬਣਾਉਣਾ ਚਾਹੁੰਦੇ ਤਾਂ ਫਿਰ ਜ਼ਬਰਦਸਤੀ ਕਿਉਂ ਕੀਤੀ ਜਾ ਰਹੀ ਹੈ। ਇਸ ਮੌਕੇ ਅਕਾਲੀ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਕੁਲਦੀਪ ਸਿੰਘ, ਕਰਮ ਚੰਦ, ਅਮਰਜੀਤ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ ਤੇ ਬੰਟੀ ਸਹਿਤ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜ਼ਰ ਸਨ।

ਫੋਟੋ 27 ਆਰਪੀਆਰ 202 ਪੀ

ਰੋਸ ਧਰਨਾ ਦਿੰਦੇ ਹੋਏ ਅੰਮਿ੍ਤਪਾਲ ਖੱਟੜਾ, ਸਾਬਕਾ ਕੌਂਸਲਰ ਜਗਵਿੰਦਰ ਪੰਮੀ ਤੇ ਮੁਹੱਲਾ ਵਾਸੀ।