- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁੱਖ ਲਗਾਓ, ਵਾਤਾਵਰਨ ਬਚਾਓ ਦਾ ਦਿੱਤਾ ਹੋਕਾ

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ,
ਸ੍ਰੀ ਅਨੰਦਪੁਰ ਸਾਹਿਬ: ਕੇਅਰ ਵਨ ਕੇਅਰ ਆਲ ਗਰੁੱਪ ਪੰਜਾਬ ਆਸਟਰੇਲੀਆ ਅਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਭਾਰਤ ਵੱਲੋਂ ਅੰਤਰਰਾਸ਼ਟਰੀ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਮੰਗਲਵਾਰ ਨੂੰ ਵੱਡੇ ਪੱਧਰ ’ਤੇ ਪੌਦੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਸਾਂਝੇ ਯਤਨਾਂ ਦੀ ਲੋੜ ਉਤੇ ਜ਼ੋਰ ਦਿੱਤਾ। ਇਸ ਮੌਕੇ ਰਸ਼ਵਿੰਦਰ ਸਵਿੰਦਰ ਸਿੰਘ ਅਤੇ ਹਰਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਮਨੁੱਖਤਾ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਵਾ, ਪਾਣੀ, ਜੀਵ-ਜੰਤੂਆਂ, ਪੇੜ-ਪੌਦਿਆਂ ਅਤੇ ਸਮੁੱਚੇ ਮਨੁੱਖੀ ਜੀਵਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਸਮੇਂ ਦੀ ਮੁੱਖ ਲੋੜ ਹੈ।
ਪ੍ਰੋਗਰਾਮ ਵਿੱਚ ਕਰੀਬ 50 ਲੋਕਾਂ ਨੇ ਸ਼ਮੂਲੀਅਤ ਕੀਤੀ। ਹਰਵੰਤ ਕੌਰ ਗਰੇਵਾਲ ਦੀ ਅਗਵਾਈ ਹੇਠ ਕੇਅਰ ਵਨ ਕੇਅਰ ਆਲ ਗਰੁੱਪ ਪੰਜਾਬ ਆਸਟਰੇਲੀਆ ਦੀ ਟੀਮ ਦੇ ਮੈਂਬਰ ਰੁਪਿੰਦਰਜੀਤ ਸਿੰਘ, ਮਨਮੀਤ ਕੌਰ, ਬਲਜਿੰਦਰ ਸਿੰਘ ਬਾਸੀ, ਸ਼ਮਿੰਦਰਜੀਤ ਕੌਰ, ਜਸਮੀਨ ਕੌਰ, ਇੰਦਰਪ੍ਰੀਤ ਕੌਰ ਮਾਂਗਟ ਅਤੇ ਜੀਤਇੰਦਰ ਸਿੰਘ ਨੇ ਇਸ ਅਭਿਆਨ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਮੌਕੇ ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਨਗਰ ਕੌਂਸਲ ਮੈਂਬਰ ਹਰਪਾਲ ਕੌਰ ਅਤੇ ਮਨਜੀਤ ਕੌਰ ਸਮੇਤ ਹੋਰ ਸਮਾਜ ਸੇਵੀਆਂ ਨੇ ਵੀ ਪੌਦੇ ਲਗਾ ਕੇ ਵਾਤਾਵਰਨ ਸੁਰੱਖਿਆ ਲਈ ਆਪਣਾ ਯੋਗਦਾਨ ਦਿੱਤਾ। ਪ੍ਰਿੰਸੀਪਲ ਸਰਨਜੀਤ ਸਿੰਘ ਸੈਣੀ, ਕੁਲਦੀਪ ਸਿੰਘ ਬੰਗਾ, ਜਗਤਾਰ ਸਿੰਘ ਦੈਣੀ, ਕੁਸ਼ਾਲ ਚੰਦ ਅਤੇ ਜਸਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਟੀਮਾਂ ਨੇ ਵੀ ਸੰਸਥਾਵਾਂ ਦੇ ਇਸ ਉਪਰਾਲੇ ਵਿੱਚ ਸਹਿਯੋਗ ਦਿੱਤਾ।
ਵਕਤਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਵਾਕ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਹਵਾਲਾ ਦਿੰਦਿਆਂ ਕੁਦਰਤ ਨਾਲ ਜੁੜਾਅ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਅਤੇ ਵਾਤਾਵਰਨ ਸੁਰੱਖਿਆ ਵਰਗੇ ਖੇਤਰਾਂ ਵਿੱਚ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜ ਪ੍ਰਸ਼ੰਸਾਯੋਗ ਹਨ। ਸਭ ਹਾਜ਼ਰ ਸੱਜਣਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਅਤੇ ਹਰਿਆਭਰਾ ਬਣਾਈ ਰੱਖਣ ਲਈ ਹੋਰ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਭਾਖੜਾ ਨਹਿਰਾਂ, ਚਰਨ ਗੰਗਾ ਅਤੇ ਹੋਰ ਕੁਦਰਤੀ ਸਰੋਤ ਇਸ ਇਲਾਕੇ ਦੀ ਅਨਮੋਲ ਧਰੋਹਰ ਹਨ, ਜਿਨ੍ਹਾਂ ਦੀ ਸੰਭਾਲ ਲਈ ਸਰਕਾਰੀ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਅਜਿਹੀਆਂ ਥਾਵਾਂ ’ਤੇ ਪੌਦੇ ਲਗਾਉਣ ਜਾਂ ਵਾਤਾਵਰਨ ਸੰਭਾਲ ਦੀ ਸੇਵਾ ਲਈ ਸਹਿਯੋਗ ਮੰਗਿਆ ਗਿਆ ਤਾਂ ਉਹ ਪੂਰੀ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ। ਸਮਾਗਮ ਦੌਰਾਨ ਬਲਵੀਰ ਸਿੰਘ ਖਾਲਸਾ, ਸਰਦੂਲ ਸਿੰਘ, ਐਡਵੋਕੇਟ ਲਾਡੀ, ਐਡਵੋਕੇਟ ਰਜਤ ਬੇਦੀ, ਡਾਕਟਰ ਮੰਜੂ ਬਾਲਾ, ਸੁਸ਼ਮਾ ਦੇਵੀ, ਜੋਤੀ ਰਾਣੀ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।