ਸਟਾਫ ਰਿਪੋਰਟਰ,ਰੂਪਨਗਰ : ਰੋਪੜ-ਪਤਿਆਲਾ-ਮਿਆਣੀ ਸੜਕ ਤੋਂ ਅੱਗੇ ਪਿੰਡ ਚੱਕਢੇਰਾ ਤੱਕ ਗੁਰਦੁਆਰਾ ਕੁਮਾ ਮਾਛਕੀ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨੂੰ ਜਾਂਦੀ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਸਰਕਲ ਲੋਦੀਮਾਜਰਾ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਇਸ ਸੜਕ ਦੀ ਮੰਗ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਵਲੋਂ 18 ਸਤੰਬਰ ਨੂੰ ਲੋਕ ਨਿਰਮਾਣ ਵਿਭਾਗ ਰੋਪੜ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਨੇ ਦੱਸਿਆ ਕਿ ਗੁਰਦੁਆਰਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਚੱਕਢੇਰਾ ਤੱਕ ਸੜਕ ਬਣਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਾਲ ਮੀਟਿੰਗ ਕੀਤੀ ਸੀ , ਜੋ ਕਿ ਬੇਨਤੀਜਾ ਰਹੀ ਹੈ। ਇਸ ਲਈ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਉਹ 18 ਸਤੰਬਰ ਤੋਂ ਲੋਕ ਨਿਰਮਾਣ ਵਿਭਾਗ ਦੇ ਰੋਪੜ ਦਫਤਰ ਅੱਗੇ ਧਰਨਾ ਦੇਣਗੇ। ਉਨ੍ਹਾਂ ਦੱਸਿਆ ਕਿ ਸਾਨੂੰ ਹਰ ਵਾਰ ਕਿਹਾ ਜਾਂਦਾ ਹੈ ਕਿ ਸੜਕ ਬਣਾਉਣ ਲਈ ਸਰਕਾਰ ਤੋਂ ਢਾਈ ਕਰੋੜ ਰੁਪਏ ਆਏ ਹਨ, ਪਰ ਫਿਰ ਵੀ ਸੜਕ ਨਹੀਂ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੜਕ ਨਾ ਬਣਨ ਕਰਕੇ ਇਲਾਕਾ ਨਿਵਾਸੀਆਂ ਅਤੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੰਗਤ 'ਚ ਵੀ ਰੋਸ ਹੈ। ਉਨ੍ਹਾਂ ਦੱਸਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ 1704 'ਚ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਆਏ ਸਨ ਤਾਂ ਰਸਤੇ ਵਿਚ ਸਰਸਾ ਨਦੀ ਪਾਰ ਕਰਦੇ ਸਮੇਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਵਿਛੜ ਗਏ ਸਨ ਤੇ ਉਨ੍ਹਾਂ ਨੇ ਪਿੰਡ ਚੱਕਢੇਰਾ ਦੇ ਕੋਲ ਕੁੰਮਾ ਮਾਛਕੀ ਦੀ ਛੰਨ੍ਹ ਵਿਚ 1704 ਨੂੰ ਕਹਿਰ ਭਰੀ ਠੰਡੀ ਰਾਤ ਕੱਟੀ ਸੀ । ਜਿੱਥੇ ਹੁਣ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਯਾਦ'ਵਚ ਪਿੰਡ ਚੱਕਢੇਰਾ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦਸਬੰਰ ਮਹੀਨੇ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਭਰਦਾ ਹੈ ਅਤੇ ਵੱਡੀ ਗਿਣਤੀ 'ਚ ਸੰਗਤ ਪਹੁੰਚਦੀ ਹੈ, ਪਰ ਸੜਕ ਨਾ ਬਣਨ ਕਰਕੇ ਸੰਗਤਾਂ ਨੂੰ ਪਰੇਸ਼ਾਨੀ ਆ ਰਹੀ ਹੈ। ਇਸ ਮੌਕੇ ਜਨਰਲ ਸਕੱਤਰ ਰਜਿੰਦਰ ਸਿੰਘ ਰਾਜੂ, ਮਾਸਟਰ ਅਵਤਾਰ ਸਿੰਘ ਆਦਿ ਮੌਜੂਦ ਸਨ।