ਸੁਰਿੰਦਰ ਸਿੰਘ ਸੋੋਨੀ- ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਨਿਵਾਸੀਆਂ ਨੇ ਅੱਜ ਵੱਡੀ ਗਿਣਤੀ ਵਿਚ ਸੜਕਾਂ 'ਤੇ ਉਤਰ ਕੇ ਰੋਸ ਮਾਰਚ ਕੀਤਾ, ਧਰਨਾ ਦਿੱਤਾ ਅਤੇ ਐੱਸਡੀਐੱਮ ਨੂੰ ਮੰਗ ਪੱਤਰ ਦੇ ਕੇ ਆਪਣਾ ਰੋਸ ਪ੍ਰਗਟਾਇਆ। ਕਾਬਿਲੇ ਜ਼ਿਕਰ ਹੈ ਕਿ ਪੰਜਾਬ ਜਲ ਸਪਲਾਈ ਵਿਭਾਗ ਵਲੋਂ ਪੰਜਾਬ ਦੇ ਕੁੱਲ ਪੰਜ ਸ਼ਹਿਰਾਂ ਦੇ ਪਾਣੀ ਦੇ ਰੇਟਾਂ ਵਿਚ ਕਰੀਬ 300 ਗੁਣਾਂ ਦਾ ਵਾਧਾ ਕਰ ਦਿਤਾ ਗਿਆ ਹੈ ਤੇ ਇਨ੍ਹਾਂ ਪੰਜ ਸ਼ਹਿਰਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਵੀ ਸ਼ਾਮਲ ਹੈ। ਇਥੋਂ ਦੇ ਨਿਵਾਸੀ ਇਸ ਵਾਰ ਦੇ ਪਾਣੀ ਦੇ ਬਿੱਲ ਦੇਖ ਕੇ ਹੈਰਾਨ ਪਰੇਸ਼ਾਨ ਹੋ ਗਏ, ਕਿਉਂਕਿ ਜਿਨ੍ਹਾਂ ਦਾ ਬਿੱਲ ਮਹਿਜ ਪੰਜ ਸੋ ਰੁਪਏ ਦੇ ਕਰੀਬ ਆਉਂਦਾ ਸੀ ਉਨ੍ਹਾਂ ਦਾ ਬਿੱਲ ਦੋ-ਦੋ ਹਜ਼ਾਰ ਤਕ ਆ ਗਏ। ਇਥੋਂ ਤਕ ਕਿ ਸ਼ਹਿਰ ਦੇ ਹਲਵਾਈਆਂ ਦੇ ਪਾਣੀ ਦੇ ਬਿੱਲ 20 ਤੋਂ 25 ਹਜ਼ਾਰ ਤਕ ਦਾ ਆ ਗਿਆ ਜੋ ਕਿ ਪਹਿਲਾਂ ਕੇਵਲ 4 ਜਾਂ 5 ਹਜ਼ਾਰ ਤਕ ਹੀ ਆਉਂਦਾ ਸੀ। ਇਸ ਸਬੰਧੀ ਅੱਜ ਸ਼ਹਿਰ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਮਹਿਕਮੇ ਦੇ ਖਿਲਾਫ਼ ਨਾਅਰੇਬਾਜੀ ਕਰਦਿਆਂ ਰੋਸ ਮਾਰਚ ਕਿਢਆ ਗਿਆ ਜੋ ਸਮੁੱਚੇ ਸ਼ਹਿਰ 'ਚੋਂ ਹੁੰਦਾ ਹੋਇਆ ਭਗਤ ਰਵੀਦਾਸ ਚੌਂਕ ਵਿਚ ਪੁੱਜਿਆ। ਇਥੇ ਧਰਨਾ ਦੇ ਕੇ ਰੋਸ ਦਾ ਪ੍ਰਗਟਾਵਾ ਕਰਦਿਆਂ ਵੱਖ ਵੱਖ ਆਗੂਆਂ ਜੈਮਲ ਸਿੰਘ ਭੜੀ, ਜਸਵੀਰ ਸਿੰੰਘ ਜੱਸੂ, ਤਰਲੌਚਨ ਸਿੰਘ ਚੱਠਾ, ਜਥੇਦਾਰ ਸੰਤੋਖ ਸਿੰਘ, ਮਹਿੰਦਰ ਸਿੰਘ ਵਾਲੀਆ, ਮਨਜਿੰਦਰ ਸਿੰਘ ਬਰਾੜ, ਮਨਿੰਦਰਪਾਲ ਸਿੰਘ ਮਨੀ, ਹਰਤੇਗਵੀਰ ਸਿੰਘ ਤੇਗੀ, ਬੀਰ ਬਿਕਰਮਜੀਤ ਸਿੰਘ ਰਾਜਾ, ਹਰਜੀਤ ਸਿੰਘ ਅਚਿੰਤ, ਜਗਜੀਤ ਸਿੰਘ ਸੋਢੀ ਆਦਿ ਨੇ ਸਰਕਾਰ ਦੇ ਇਸ ਗਲਤ ਫੈਸਲੇ ਦੀ ਸਖਤ ਨਿੰਦਾ ਕਰਦਿਆਂ ਵਧੇ ਰੇਟ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਇਹ ਇਲਾਕਾ ਪੱਛੜਿਆ ਹੋਇਆ ਹੈ ਤੇ ਇਥੇ ਕਮਾਈ ਦੇ ਸਾਧਨ ਵੀ ਸੀਮਤ ਹਨ ਜਿਸ ਕਰਕੇ ਇਥੋ ਦੇ ਨਿਵਾਸੀ ਇਹ ਬਿੱਲ ਭਰਨ ਦੀ ਸਮਰੱਥਾ ਨਹੀ ਰੱਖਦੇ। ਉਪਰੰਤ ਐਸਡੀਐਮ ਨੂੰ ਮੰਗ ਪੱਤਰ ਦਿਤਾ ਗਿਆ।

------

ਰਾਣਾ ਕੇਪੀ ਸਿੰਘ ਨੇ ਦਿੱਤਾ ਭਰੋਸਾ : ਐੱਸਡੀਐੱਮ

ਇਸ ਮੌਕੇ ਐਸਡੀਐਮ ਹਰਬੰਸ ਸਿੰਘ ਨੇ ਇਕੱਤਰ ਲੋਕਾਂ ਨੂੰ ਕਿਹਾ ਕਿ ਇਸ ਸਬੰਧੀ ਹਲਕੇ ਦੇ ਵਿਧਾਇਕ ਅਤੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਗੱਲ ਹੋਈ ਹੈ ਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਮਹਿਕਮੇ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਤੇ ਜਲਦ ਹੀ ਇਹ ਮਸਲਾ ਹੱਲ ਹੋ ਜਾਵੇਗਾ।

ਕਾਂਗਰਸ ਨੇ ਖਜ਼ਾਨਾ ਭਰਨ ਲਈ ਕੀਤਾ ਪਾਣੀ ਮਹਿੰਗਾ : ਜੱਸੂ

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਜੱਸੂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣਾ ਖਜ਼ਾਨਾ ਭਰਨ ਲਈ ਪੀਣ ਵਾਲੇ ਪਾਣੀ ਨੂੰ ਏਨਾ ਮਹਿੰਗਾ ਕਰ ਦਿੱਤਾ ਜਿਸ ਦਾ ਖਾਮਿਆਜਾ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਜੇਕਰ ਪੰਜਾਬ 'ਚੋਂ ਦਿੱਲੀ ਜਾਣ ਵਾਲਾ ਪਾਣੀ ਦਿੱਲੀ ਵਿਚ ਮੁਫਤ ਦਿੱਤਾ ਜਾ ਸਕਦਾ ਹੈ ਤਾਂ ਇਥੇ ਪਾਣੀ ਮਹਿੰਗਾ ਕਿਉਂ?

ਕਈ ਕਾਂਗਰਸੀਆਂ ਨੇ ਕੀਤੀ ਲੁੱਕਵੀਂ ਹਮਾਇਤ

ਅੱਜ ਦੇ ਰੋਸ ਮਾਰਚ ਦੀ ਕਈ ਕਾਂਗਰਸੀ ਆਗੂਆਂ ਨੇ ਲੁੱਕਵੀਂ ਹਮਾਇਤ ਕੀਤੀ। ਭਾਂਵੇ ਇਹ ਕਾਂਗਰਸੀ ਖੁੱਲ੍ਹ ਕੇ ਸਾਹਮਣੇ ਨਹੀ ਆਏ ਪਰ ਲੋਕਾਂ ਨੂੰ ਇਸ ਰੋਸ ਮਾਰਚ ਵਿਚ ਜਾਣ ਦੀ ਪ੫ੇਰਣਾ ਕਰਦੇ ਰਹੇ ਤੇ ਵਧੇ ਰੇਟਾਂ ਦੇ ਖਿਲਾਫ ਆਪਣੀ ਭੜਾਸ ਕਢਦੇ ਵੀ ਦੇਖੇ ਗਏ।