ਲਖਬੀਰ ਸਿੰਘ ਖਾਬੜਾ, ਰੂਪਨਗਰ : ਸ੍ਰੀ ਚਮਕੌਰ ਸਾਹਿਬ ਦੇ ਪਿੰਡ ਟੱਪਰੀਆਂ ਦਿਆਲ ਸਿੰਘ ਵਿਚ ਹੋਏ ਇਕ ਝਗਡ਼ੇ ਦੇ ਕੇਸ ਵਿਚ ਰੂਪਨਗਰ ਦੇ ਅਡੀਸ਼ਨਲ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਰਵੀਇੰਦਰ ਸਿੰਘ ਦੀ ਅਦਾਲਤ ਨੇ ਪਟਿਆਲਾ ਦਿਹਾਤੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਸਣੇ ਚਾਰ ਦੋਸ਼ੀਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੂੰ 16-16 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਝਗਡ਼ੇ ਵਿਚ ਕਰਾਸ ਕੇਸ ਦਰਜ ਹੋਇਆ ਸੀ ਅਤੇ ਅਦਾਲਤ ਨੇ ਸ਼ਿਕਾਇਤਕਰਤਾ ਧਿਰ ਵਿਚ ਸ਼ਾਮਲ ਪਰਮਜੀਤ ਕੌਰ ਅਤੇ ਉਸ ਦੇ ਪਤੀ ਰਿਟਾਇਰਡ ਵਿੰਗ ਕਮਾਂਡਰ ਮੇਵਾ ਸਿੰਘ ਨੂੰ ਬਰੀ ਕਰ ਦਿੱਤਾ ਹੈ। ਸ਼ਿਕਾਇਤਕਰਤਾ ਪਰਮਜੀਤ ਕੌਰ ਰਿਸ਼ਤੇ ਵਿਚ ਵਿਧਾਇਕ ਡਾ. ਬਲਬੀਰ ਸਿੰਘ ਦੀ ਸਾਲੀ ਹੈ।

ਜ਼ਿਕਰਯੋਗ ਹੈ ਕਿ ਥਾਣਾ ਸ੍ਰੀ ਚਮਕੌਰ ਸਾਹਿਬ ਵਿਚ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ, ਬੇਟੇ ਰਾਹੁਲ ਅਤੇ ਇਕ ਹੋਰ ਵਿਅਕਤੀ ਪਰਮਿੰਦਰ ਸਿੰਘ ਖ਼ਿਲਾਫ਼ ਲਡ਼ਾਈ ਝਗਡ਼ੇ ਦੇ ਦੋਸ਼ ਵਿਚ 13 ਜੂਨ 2011 ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪਰਮਜੀਤ ਕੌਰ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਅਨੂਪ ਸਿੰਘ ਨੇ ਪਿੰਡ ਟੱਪਰੀਆਂ ਦਿਆਲ ਸਿੰਘ ਵਿਚ ਆਪਣੀ ਖੇਤੀ ਯੋਗ 109 ਵਿਘੇ ਜ਼ਮੀਨ ਖ਼ੁਦ ਤੇ ਆਪਣੀ ਪਤਨੀ ਸਣੇ ਪਰਿਵਾਰ ਦੇ ਪੰਜ ਮੈਂਬਰਾਂ ਵਿਚ ਵੰਡ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਭੈਣ ਅਤੇ ਡਾ. ਬਲਬੀਰ ਸਿੰਘ ਦੀ ਪਤਨੀ ਰੁਪਿੰਦਰਜੀਤ ਕੌਰ ਦੇ ਹਿੱਸੇ ਆਈ ਜ਼ਮੀਨ ਵਿਚ ਪਾਣੀ ਲਾਉਣ ਨੂੰ ਲੈ ਕੇ ਝਗਡ਼ਾ ਹੋਇਆ ਸੀ।

ਸ਼ਿਕਾਇਤਕਰਤਾ ਧਿਰ ਦੇ ਮੁਤਾਬਕ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਸਿੰਚਾਈ ਕਰਨ ਦੀ ਵਾਰੀ ਉਨ੍ਹਾਂ ਦੀ ਸੀ ਪਰ ਮੁਲਜ਼ਮ ਧਿਰ ਨੇ ਜ਼ਬਰਦਸਤੀ ਆਪਣੀ ਜ਼ਮੀਨ ਨੂੰ ਪਾਣੀ ਲਗਾਇਆ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਸ਼ਿਕਾਇਤਕਰਤਾ ਧਿਰ ’ਤੇ ਵੀ ਕਰਾਸ ਕੇਸ ਦਰਜ ਕੀਤਾ ਸੀ।

ਸਾਡੇ ’ਤੇ ਝੂਠਾ ਕੇਸ ਦਰਜ ਕੀਤਾ ਗਿਆ : ਡਾ. ਬਲਬੀਰ ਸਿੰਘ

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਧਿਰ ਦੇ ਰਿਸ਼ਤੇਦਾਰ ਪੁਲਿਸ ਵਿਭਾਗ ਵਿਚ ਹਨ ਅਤੇ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਸੀ। ਜਿਸ ਜ਼ਮੀਨ ਦਾ ਹਿੱਸਾ ਸਾਡੇ ਕੋਲ ਹੈ, ਸ਼ਿਕਾਇਤਕਰਤਾ ਧਿਰ ਉੱਥੇ ਪੁੱਜੀ ਸੀ ਨਾ ਕਿ ਅਸੀਂ ਉਨ੍ਹਾਂ ਦੇ ਕਬਜ਼ੇ ਵਾਲੀ ਜ਼ਮੀਨ ਵਿਚ ਗਏ ਸੀ। ਹੁਣ ਅਦਾਲਤ ਨੇ ਜਿਹਡ਼ੀ ਸਜ਼ਾ ਸੁਣਾਈ ਹੈ, ਉਸ ਵਿਚ ਜ਼ਮਾਨਤ ਮਿਲ ਗਈ ਹੈ ਅਤੇ ਉੱਚ ਅਦਾਲਤ ਵਿਚ ਜਾਣ ਲਈ ਸਮਾਂ ਦਿੱਤਾ ਗਿਆ ਹੈ। ਅਸੀਂ ਇਨਸਾਫ਼ ਲਈ ਉੱਚ ਅਦਾਲਤ ਵਿਚ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕਰਾਂਗੇ।

Posted By: Seema Anand