ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ਪੰਜਾਬ 'ਚ 'ਚੰਨੀ ਆਲੀ ਬੱਕਰੀ' ਮੁੜ ਚਰਚਾ 'ਚ ਹੈ। ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election) ਵੇਲੇ ਆਪਣੇ ਵਿਧਾਨ ਸਭਾ ਹਲਕੇ ਭਦੌੜ 'ਚ ਜਿਸ ਬੱਕਰੀ ਨੂੰ ਚੋਅ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਸੁਰਖੀਆ ਬਟੋਰੀਆਂ ਸੀ, ਉਸ ਨੂੰ ਸ੍ਰੀ ਚਮਕੌਰ ਸਾਹਿਬ ਦੇ ਪਰਮਜੀਤ ਸਿੰਘ ਨੇ ਭਦੌੜ ਵਾਸੀ ਪਾਲਾ ਸਿੰਘ ਤੋਂ 21,000 ਰੁਪਏ 'ਚ ਖਰੀਦ ਲਿਆ ਹੈ। ਪਰਮਜੀਤ ਬੱਕਰੀ ਨੂੰ ਪੂਰੀ ਤਰ੍ਹਾਂ ਸ਼ਿੰਗਾਰ ਕੇ ਝਾਂਜਰਾਂ ਆਦਿ ਪੁਆ ਕੇ ਸ੍ਰੀ ਚਮਕੌਰ ਸਾਹਿਬ ਲਿਆਇਆ ਹੈ। ਵਿਡੰਬਨਾ ਇਹ ਹੈ ਕਿ ਪਰਮਜੀਤ ਸਿੰਘ ਕੱਲ੍ਹ ਯਾਨੀ ਸ਼ਨਿਚਰਵਾਰ ਤੋਂ ਸ੍ਰੀ ਚਮਕੌਰ ਸਾਹਿਬ ਥਾਣੇ 'ਚ ਬੰਦ ਹੈ। ਉਹ ਹੈਲਥ ਡਿਪਾਰਟਮੈਂਟ ਖਰੜ ਲਈ ਐਂਬੂਲੈਂਸ ਚਲਾਉਂਦਾ ਹੈ ਤੇ ਉਸ ਦੀ ਪਤਨੀ ਰਣਜੀਤ ਕੌਰ ਸਰਕਾਰੀ ਹਸਪਤਾਲ 'ਚ ਆਸ਼ਾ ਵਰਕਰ ਹੈ।

ਇਸ ਲਈ ਖਰੀਦੀ ਬੱਕਰੀ

ਜੇਲ੍ਹ 'ਚ ਬੰਦ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਬੱਕਰੀ ਚੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਖ਼ੂਬ ਮਜ਼ਾਕ ਉਡਾਇਆ ਗਿਆ ਜਿਸ ਤੋਂ ਉਹ ਕਾਫੀ ਦੁਖੀ ਸੀ। ਉਸ ਨੇ ਕਿਹਾ ਕਿ ਸੂਬੇ 'ਚ ਇੰਨਾ ਵਿਕਾਸ ਕਰਵਾਉਣ ਦੇ ਬਾਵਜੂਦ ਚੰਨੀ ਨਾਲ ਅਜਿਹੇ ਵਰਤਾਅ ਨੇ ਮਨ ਨੂੰ ਕਾਫੀ ਠੇਸ ਪਹੁੰਚਾਈ। ਇਸ ਲਈ ਉਸ ਨੇ ਬੱਕਰੀ ਨੂੰ ਖਰੀਦਣ ਦਾ ਫ਼ੈਸਲਾ ਕੀਤਾ।

ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦਾ ਆਪਣੇ ਭਰਾ ਨਾਲ ਝਗੜਾ ਸੀ, ਇਸ ਕਰਕੇ ਉਸ ਦੀ 751 ਕੀਤੀ ਹੈ ਅਤੇ ਐੱਸਡੀਐੱਮ ਚਮਕੌਰ ਸਾਹਿਬ ਕੋਲ ਪੇਸ਼ ਕਰ ਕੇ ਉਸ ਦੀ ਜ਼ਮਾਨਤ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਅੱਜ ਐਤਵਾਰ ਹੋਣ ਕਰਕੇ ਪਰਮਜੀਤ ਦੀ ਜ਼ਮਾਨਤ ਨਹੀਂ ਹੋ ਸਕਦੀ, ਇਸ ਲਈ ਉਸ ਨੂੰ ਅੱਜ ਦੀ ਰਾਤ ਵੀ ਜੇਲ੍ਹ 'ਚ ਕੱਟਣੀ ਪੈ ਸਕਦੀ ਹੈ।

Posted By: Seema Anand