ਪਰਮਜੀਤ ਕੌਰ, ਚਮਕੌਰ ਸਾਹਿਬ : ਐੱਸਡੀਐੱਮ ਮਨਕੰਵਲ ਸਿੰਘ ਚਾਹਲ ਦੇ ਅਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਬੰਸ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਵਿਖੇ ਡੈਪੋ ਪ੍ਰਰੋਗਰਾਮ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।

ਆਈਸੀਟੀਸੀ ਕਾਊਂਸਲਰ ਨਿਰੰਜਣ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ 'ਚ ਡੈਪੋ ਪ੍ਰਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਪੜਿ੍ਹਆ-ਲਿਖਿਆ ਜਾਂ ਅਨਪੜ੍ਹ ਵਿਅਕਤੀ ਵੀ ਡੈਪੋ ਡਰੱਗ ਐਬਯੂਸ ਪ੍ਰਰੀਵੈਨਸ਼ਨ ਅਫਸਰ (ਨਸ਼ੇ ਦੀ ਰੋਕਥਾਮ ਦੇ ਅਫਸਰ) ਬਣ ਸਕਦਾ ਹੈ। ਇਸ ਦੇ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਿੱਥੇ ਵੀ ਲੋਕ ਨਸ਼ਾ ਕਰਦੇ ਹਨ, ਉਨ੍ਹਾਂ ਨੰੂ ਨਸ਼ੇ 'ਚੋਂ ਕੱਢਣ ਲਈ ਕਿਸੇ ਵੀ ਵਿਅਕਤੀ ਨੂੰ ਡੈਪੋ ਬਣਾਇਆ ਜਾ ਸਕਦਾ ਹੈ। ਡੈਪੋ ਨੇ ਪਿੰਡਾਂ 'ਚ ਜਿਹੜੇ ਲੋਕ ਨਸ਼ਾ ਕਰਦੇ ਹਨ, ਉਨ੍ਹਾਂ ਲੋਕਾਂ ਨੰੂ ਸਰਕਾਰੀ ਹਸਪਤਾਲ ਕੇਂਦਰਾਂ ਵਿੱਚ ਜਿੱਥੇ ਓਟ ਕਲੀਨਿਕ ਅਤੇ ਨਸ਼ਾ ਛਡਾਓ ਕੇਂਦਰ ਵਿੱਚ ਭੇਜਣਾ ਹੈ ਤਾਂ ਜੋ ਉਨ੍ਹਾਂ ਲੋਕਾਂ ਦਾ ਨਸ਼ਾ ਛੁਡਾਇਆ ਜਾ ਸਕੇ। ਜਿਹੜਾ ਵਿਅਕਤੀ ਨਸ਼ਾ ਛੱਡਣਾ ਚਾਹੰੁਦਾ ਹੈ, ਉਹ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਵੇ ਉਸ ਦਾ ਇਕ ਨਵਾਂ ਸ਼ਨਾਖਤੀ ਕਾਰਡ ਬਣਾਇਆ ਜਾਵੇਗਾ, ਜਿਸ ਨਾਲ ਉਸ ਨੰੂ ਪੰਜਾਬ 'ਚ ਕਿਸੇ ਵੀ ਓਟ ਕਲੀਨਿਕ 'ਚ ਨਸ਼ਾ ਛੱਡਣ ਦੀ ਦਵਾਈ ਮੁਫ਼ਤ ਦਿੱਤੀ ਜਾਵੇਗੀ।

ਡਾ. ਹਰਬੰਸ ਸਿੰਘ ਨੇ ਕਿਹਾ ਕਿ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਸਮਾਜ 'ਚ ਵੱਡੇ ਪੱਧਰ 'ਤੇ ਹੋ ਰਹੀ ਹੈ, ਨੌਜਵਾਨ ਪੀੜ੍ਹੀ ਤੰਬਾਕੂ, ਅਫ਼ੀਮ, ਹੈਰੋਇਨ, ਚਰਸ, ਗਾਂਜਾ, ਡੋਡੇ, ਸ਼ਰਾਬ, ਨਸ਼ੇ ਦੇ ਟੀਕੇ, ਗੋਲੀਆਂ, ਕੈਪਸੂਲ ਅਤੇ ਭੁੱਕੀ ਆਦਿ ਦਾ ਸੇਵਨ ਨਸ਼ੇ ਦੇ ਰੂਪ 'ਚ ਕਰਕੇ ਆਪਣਾ ਜੀਵਨ ਖ਼ਤਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਕਿ ਉਹ ਭੈੜੀਆਂ ਆਦਤਾਂ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਲੋਕਾਂ ਨੰੂ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦਾ ਸਹਿਯੋਗ ਦੇਣ ਤਾਂ ਜੋ ਨਸ਼ੇ ਨੰੂ ਠੱਲ੍ਹ ਪਾਉਣ 'ਚ ਕਾਮਯਾਬੀ ਹਾਸਲ ਕੀਤੀ ਜਾ ਸਕੇ। ਇਸ ਮੌਕੇ ਡਾ. ਰਜੇਸ਼ ਕੁਮਾਰ ਮੈਡੀਕਲ ਅਫਸਰ, ਹਰਵਿੰਦਰ ਸਿੰਘ ਸੈਣੀ ਬੀਈਈ, ਦਵਿੰਦਰ ਸਿੰਘ ਐੱਸ.ਆਈ ਅਤੇ ਨਾਗਰ ਸਿੰਘ ਐੱਸਆਈ ਆਦਿ ਹਾਜ਼ਰ ਸਨ।