<

p> ਸਟਾਫ ਰਿਪੋਰਟਰ, ਰੂਪਨਗਰ : ਸ਼ਹਿਰ ਦੇ ਇੱਕ ਮੁਹੱਲੇ 'ਚ ਚੱਲ ਰਹੇ ਨਰਸਿੰਗ ਹੋਮ 'ਚ ਡਿਲਵਰੀ ਦੌਰਾਨ ਨਵਜਾਤ ਬੱਚੇ ਦੀ ਮੌਤ ਹੋਣ ਤੋਂ ਬਾਅਦ ਅੌਰਤ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਇੱਥੇ ਦੀ ਮਹਿਲਾ ਡਾਕਟਰ ਨੇ ਰਾਤ ਭਰ ਅੌਰਤ ਨੂੰ ਨਰਸਿੰਗ ਹੋਮ 'ਚ ਰੱਖਿਆ ਤੇ ਬੱਚੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਮਿ੍ਤਕ ਬੱਚੇ ਨੂੰ ਉਦੋਂ ਤੱਕ ਨਹੀਂ ਦਿੱਤਾ ਜਦੋਂ ਤੱਕ ਇਲਾਜ ਦੇ 5 ਹਜ਼ਾਰ ਰੁਪਏ ਡਾਕਟਰ ਨੂੰ ਨਹੀਂ ਦਿੱਤੇ ਗਏ। ਪੀੜਤ ਅੌਰਤ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਡਾਕਟਰ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਇਸ ਘਟਨਾ ਦੀ ਸੂਚਨਾ ਪੱਤਰਕਾਰਾਂ ਨੂੰ ਮਿਲੀ ਤਾਂ ਡਾਕਟਰ ਦਾ ਪੁੱਤਰ ਪੱਤਰਕਾਰਾਂ ਨਾਲ ਹੀ ਉਲਝ ਗਿਆ ਤੇ ਇੱਕ ਪੱਤਰਕਾਰ ਦਾ ਕੈਮਰਾ ਤੋੜਨ ਲੱਗਿਆ। ਜਿਸ ਤੋਂ ਬਾਅਦ ਸਿਟੀ ਪੁਲਿਸ ਵੀ ਉੱਥੇ ਪੁੱਜ ਗਈ ਤੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਹਿਲਾ ਡਾਕਟਰ ਦੇ ਪੁੱਤਰ ਨੂੰ ਨਾਲ ਲੈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅੌਰਤ ਰਜੀ ਪੁੱਤਰੀ ਦੀਪਾ ਸਿੰਘ ਨਿਵਾਸੀ ਸਦਾਵਰਤ ਨੇ ਦੱਸਿਆ ਕਿ ਉਸਦਾ ਵਿਆਹ ਬਠਿੰਡਾ ਦੇ ਪਿੰਡ ਸਰਦੂਲਗੜ੍ਹ ਵਿਖੇ ਵਿਜੇ ਪਾਲ ਨਾਲ ਹੋਇਆ ਸੀ ਅਤੇ ਗਰਭਵਤੀ ਹੋਣ ਦੇ ਕਾਰਨ ਉਹ ਡਿਲਵਰੀ ਲਈ ਆਪਣੇ ਪਿਤਾ ਦੇ ਘਰ ਆਈ ਹੋਈ ਸੀ। ਬੀਤੀ ਰਾਤ 7 ਵਜੇ ਦਰਦ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਇਲਾਜ ਲਈ ਸ਼ਹਿਰ ਦੇ ਇੱਕ ਨਰਸਿੰਗ ਹੋਮ ਵਿਚ ਆਈ। ਇੱਥੇ ਡਾਕਟਰ ਨੇ ਉਸ ਨਾਲ ਬਹੁਤ ਜਬਰਦਸਤੀ ਕੀਤੀ ਤੇ ਮੈਨੂੰ ਦੂਸਰੇ ਹਸਪਤਾਲ ਵਿਚ ਸ਼ਿਫਟ ਨਹੀਂ ਕੀਤਾ ਅਤੇ ਅੱਜ ਸਵੇਰੇ ਸੱਤ ਵਜੇ ਲੜਕੇ ਨੇ ਜਨਮ ਲਿਆ ਅਤੇ ਡਾਕਟਰ ਨੇ ਕਿਹਾ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਜਦੋਂ ਉਹ ਆਪਣੇ ਨਵਜਾਤ ਬੱਚੇ ਨੂੰ ਲੈ ਕੇ ਸਿਵਲ ਹਸਪਤਾਲ ਰੋਪੜ ਦੇ ਅੱੈਸਐੱਮਓ ਕੋਲ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਮੌਤ ਡਿਲਵਰੀ ਦੌਰਾਨ ਪੇਟ 'ਚ ਪੋਟੀ ਕਰਨ ਦੇ ਕਾਰਨ ਹੋਈ ਹੈ। ਜਿਸ ਤੋਂ ਬਾਅਦ ਸਰਕਾਰੀ ਡਾਕਟਰ ਹੁਣ ਕਹਿ ਰਹੇ ਹਨ ਕਿ ਬੱਚੇ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਬੱਚੇ ਦੀ ਲਾਸ਼ ਦਿੱਤੀ ਜਾਵੇਗੀ। ਜਿਸ ਦੇ ਰੋਸ ਵਜੋਂ ਪੀੜਤ ਅੌਰਤ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਨਰਸਿੰਗ ਹੋਮ ਦੇ ਬਾਹਰ ਰੋਸ ਪ੍ਰਗਟ ਕੀਤਾ। ਉਧਰ, ਪੁਲਿਸ ਨੇ ਪੀੜਤ ਅੌਰਤ ਦੇ ਬਿਆਨ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।