ਪਰਮਜੀਤ ਕੌਰ, ਸ਼੍ਰੀ ਚਮਕੌਰ ਸਾਹਿਬ

ਸ਼੍ਰੀ ਚਮਕੌਰ ਸਾਹਿਬ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਪੰਜ ਅਨਾਜ ਮੰਡੀਆਂ ਵਿੱਚ ਕਣਕ ਦੀ ਭਰਾਈ ਲਈ ਬਾਰਦਾਨੇ ਦੀ ਕਮੀ ਆਉਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਨਹਿਰ ਸਰਹਿੰਦ 'ਤੇ ਦੋ ਘੰਟੇ ਆਵਾਜਾਈ ਬੰਦ ਰੱਖ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਆੜ੍ਹਤੀ ਉੱਜ਼ਲ ਸਿੰਘ, ਮਨਜੀਤ ਸਿੰਘ ਕੰਗ, ਤਰਲੋਚਨ ਸਿੰਘ ਭੰਗੂ, ਨਾਇਬ ਸਿੰਘ, ਕਿਸਾਨ ਗੁਰਿੰਦਰ ਸਿੰਘ ਭੰਗੂ, ਅਮਨਦੀਪ ਸਿੰਘ ਮਾਂਗਟ ਅਤੇ ਲਖਵੀਰ ਸਿੰਘ ਲੱਖੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨਾਲ ਧੱਕਾਸ਼ਾਹੀ ਕਰ ਰਹੀ ਹੈ, ਕਿਉਂਕਿ ਮੰਡੀਆਂ ਵਿੱਚ ਕਣਕ ਦੀ ਭਰਾਈ ਲਈ ਬਾਰਦਾਨਾ ਜਾਣਬੁੱਝ ਕੇ ਨਾ ਭੇਜਣ ਕਾਰਨ ਕਿਸਾਨਾਂ ਨੰੂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਕਿ ਉਹ ਪਿਛਲੇ ਕਈ ਦਿਨਾਂ ਤੋਂ ਅਧਿਕਾਰੀਆਂ ਨੰੂ ਸੂਚਿਤ ਕਰ ਰਹੇ ਹਨ ਕਿ ਬਾਰਦਾਨਾ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜ਼ਬੂਰ ਹੋ ਰਿਹਾ ਹੈ ਪਰ ਸਬੰਧਤ ਅਧਿਕਾਰੀ ਬਾਰਦਾਨਾ ਭੇਜਣ ਦੀ ਬਜਾਏ ਲਾਰਾਲੱਪਾ ਹੀ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਸਰਕਾਰ ਵੱਲੋਂ ਖਰੀਦੀ ਗਈ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਕਿਉਂਕਿ ਬੋਰੀਆਂ ਦੀ ਕੀਤੀ ਜਾ ਰਹੀ ਲਿਫਟਿੰਗ ਦੀ ਚਾਲ ਸੁਸਤ ਰਫ਼ਤਾਰ ਨਾਲ ਚੱਲ ਰਹੀ ਹੈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਵੇਚੀ ਗਈ ਕਣਕ ਦੀ ਫ਼ਸਲ ਦੀ ਅਦਾਇਗੀ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਹਨ, ਕਿਉਂਕਿ ਕਿਸਾਨਾਂ ਨੰੂ ਅਦਾਇਗੀ ਵੀ ਵਾਅਦੇ ਅਨੁਸਾਰ ਨਹੀਂ ਮਿਲ ਰਹੀ। ਧਰਨੇ ਦੌਰਾਨ ਪੁੱਜੇ ਐੱਸਡੀਐੱਮ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੰੂ ਵਿਸ਼ਵਾਸ਼ ਦਵਾਇਆ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਮੰਡੀਆਂ ਵਿੱਚ ਬਾਰਦਾਨੇ ਦਾ ਛੇਤੀ ਤੋਂ ਛੇਤੀ ਪ੍ਰਬੰਧ ਕਰਨਗੇ ਤਾਂ ਜੋ ਕਿ ਕਿਸਾਨ ਪ੍ਰਰੇਸ਼ਾਨ ਨਾ ਹੋ ਸਕੇ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਐੱਸਡੀਐੱਮ ਦੇ ਵਿਸ਼ਵਾਸ ਤੋਂ ਬਾਅਦ ਵੀ ਬਾਰਦਾਨਾ ਨਾ ਪੂਰਾ ਹੋਇਆ ਤਾਂ ਉਹ ਫਿਰ ਧਰਨਾ ਲਾਉਣ ਲਈ ਮਜਬੂਰ ਹੋਣਗੇ।