ਜੇਐੱਨਐੱਨ, ਨੰਗਲ (ਰੂਪਨਗਰ) : ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਥਾਣਾ ਘਰੌਂਡਾ ਦੀ ਔਰਤ ਨੂੰ ਉਸ ਦੇ ਪਤੀ ਨੇ ਦੋਸਤਾਂ ਹਵਾਲੇ ਕਰ ਦਿੱਤਾ। ਕਰਜ਼ਾ ਨਾ ਮੋੜਨ ਲਈ ਪਤੀ ਨੇ ਇਸ ਘਿਨੌਣੇ ਕੰਮ ਲਈ ਆਪਣੀ ਦੋ ਭੈਣਾਂ ਦਾ ਸਹਿਯੋਗ ਲਿਆ। ਔਰਤ ਨਾਲ ਬੀਬੀਐੱਮਬੀ ਦੇ ਰੈਸਟ ਹਾਊਸ 'ਚ ਹੋਏ ਜਬਰ-ਜਨਾਹ ਦੇ ਨੌਂ ਮਹੀਨਿਆਂ ਬਾਅਦ ਮੰਗਲਵਾਰ ਨੂੰ ਨੰਗਲ ਪੁਲਿਸ ਨੇ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਉਸ ਨੂੰ ਪਰੇਸ਼ਾਨ ਕਰਦਾ ਸੀ। ਇਸੇ ਵਰ੍ਹੇ 30 ਮਾਰਚ ਨੂੰ ਪਤੀ ਤੇ ਦੋ ਨਨਾਣਾਂ ਕਾਰ 'ਚ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ਚਿੰਤਪੂਰਨੀ ਲੈ ਗਏ। ਇਸੇ ਵਿਚਾਲੇ ਚੰਡੀਗੜ੍ਹ ਆਉਂਦਿਆਂ ਉਸ ਦੇ ਪਤੀ ਨੇ ਦੋ ਹੋਰ ਲੋਕਾਂ ਨੂੰ ਕਾਰ 'ਚ ਬਿਠਾ ਲਿਆ।

ਰਾਹ 'ਚ ਇਕ ਹੋਟਲ 'ਚ ਰੁਕ ਕੇ ਉਸ ਨੂੰ ਕੋਲਡ ਡਰਿੰਕ ਪਿਲਾਈ, ਜਿਸ ਤੋਂ ਬਾਅਦ ਉਸ ਦਾ ਸਿਰ ਚਕਰਾਉਣ ਲੱਗਾ। ਉਨ੍ਹਾਂ ਨੇ ਉਸ ਨੂੰ ਨੰਗਲ ਬੀਬੀਐੱਮਬੀ ਦੇ ਰੈਸਟ ਹਾਊਸ ਸਿੰਚਾਈ ਸਦਨ 'ਚ ਰੋਕ ਲਿਆ। ਉਥੇ ਉਸ ਦੇ ਪਤੀ ਦੇ ਦੋਸ ਅਸ਼ੋਕ ਤੇ ਰਘੁਬੀਰ ਨੇ ਉਸ ਨਾਲ ਜਬਰ ਜਨਾਹ ਕੀਤਾ।

ਔਰਤ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਕਮਰਾ ਨੰ. ਦੋ ਤੇ 10 ਲਿਆ। ਉਸ ਨੂੰ ਕਿਹਾ ਕਿ ਉਹ ਦੋ ਨੰਬਰ ਕਮਰੇ 'ਚ ਸੌਂ ਜਾਵੇ ਪਰ ਉਸ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਕਮਰਾ ਨੰ. 10 'ਚ ਆਪਣੇ ਪਤੀ ਤੇ ਨਨਾਣਾਂ ਨਾਲ ਸੌਂਵੇਗੀ ਪਰ ਰਾਤ ਕਰੀਬ 11 ਵਜੇ ਹੋਸ਼ ਆਉਣ 'ਤੇ ਉਸ ਨੇ ਖੁਦ ਨੂੰ ਕਮਰਾ ਨੰ. ਦੋ 'ਚ ਪਾਇਆ, ਜਿਥੇ ਰਘੁਬੀਰ ਤੇ ਅਸ਼ੋਕ ਉਸ ਨਾਲ ਜਬਰ ਜਨਾਹ ਕਰ ਚੁੱਕੇ ਸਨ। ਉਨ੍ਹਾਂ ਨੇ ਉਸ ਨੂੰ ਚਾਕੂ ਦਿਖਾ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਕਿਸੇ ਤਰ੍ਹਾਂ ਆਪਣੇ ਪਤੀ ਤੇ ਨਨਾਣਾਂ ਕੋਲ 10 ਨੰਬਰ ਕਮਰੇ 'ਚ ਪੁੱਜੀ। ਉਥੇ ਉਨ੍ਹਾਂ ਨੂੰ ਜਬਰ ਜਨਾਹ ਦੀ ਜਾਣਕਾਰੀ ਦਿੱਤੀ। 30 ਮਾਰਚ ਦੀ ਰਾਤ ਨੂੰ ਜਬਰ ਜਨਾਹ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਔਰਤ ਦੇ ਪਤੀ ਨੇ ਉਸ ਨੂੰ ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਾ ਦੇਣ ਦਾ ਕਹਿੰਦਿਆਂ ਦੁਬਾਰਾ ਉਸ ਨੂੰ ਦੋ ਨੰਬਰ ਕਮਰੇ 'ਚ ਪਹੁੰਚਾ ਦਿੱਤਾ। ਪਤੀ ਨੇ ਉਸ ਨੂੰ ਕਿਹਾ ਕਿ ਅਸੀਂ ਰਘੁਬੀਰ ਦੇ ਇਕ ਲੱਖ ਰੁਪਏ ਦੇਣੇ ਹਨ। ਸਾਨੂੰ ਉਸ ਦੇ ਲੱਖ ਨਹੀਂ ਮੋੜਨੇ ਪੈਣਗੇ। ਉਹ ਜੋ ਕਹਿੰਦੇ ਹਨ ਕਰਦੀ ਜਾਹ। ਇਸ ਤੋਂ ਬਾਅਦ ਉਨ੍ਹਾਂ ਨਾਲ ਦੋਵਾਂ ਨੇ ਫਿਰ ਜਬਰ ਜਨਾਹ ਕੀਤਾ।

ਪਤੀ ਨੇ ਛੇ ਦਿਨਾਂ ਤਕ ਬੰਧਕ ਬਣਾ ਕੇ ਕੁੱਟਿਆ

ਘਰ ਆ ਕੇ ਉਸ ਦੇ ਪਤੀ ਨੇ ਉਸ ਨੂੰ ਕਰੀਬ ਛੇ ਦਿਨ ਤਕ ਬੰਧਕ ਬਣਾ ਕੇ ਰੱਖਿਆ ਤੇ ਰੱਜ ਕੇ ਕੁੱਟਮਾਰ ਕੀਤੀ। ਉਹ ਬਹਾਨਾ ਬਣਾ ਕੇ ਪੇਕੇ ਪੁੱਜੀ ਤਾਂ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਹਰਿਆਣਾ ਪੁਲਿਸ ਨੂੰ ਸ਼ਿਕਾਇਤ ਦੇਣ 'ਤੇ ਅਪ੍ਰੈਲ ਤਕ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਖ਼ੁਦ ਜੱਦੋਜਹਿਦ ਕਰ ਕੇ ਸਬੂਤ ਇਕੱਠੇ ਕੀਤੇ ਤੇ ਪੁਲਿਸ ਨੂੰ ਦਿੱਤੇ।

ਸਾਰੇ ਮੁਲਜ਼ਮ ਪੁਲਿਸ ਦੀ ਗਿ੍ਫ਼ਤ ਤੋਂ ਦੂਰ

ਨੰਗਲ ਥਾਣੇ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਹੁਣ ਕਾਰਵਾਈ ਕੀਤੀ। ਜਾਂਚ ਅਧਿਕਾਰੀ ਪਰਮਿੰਦਰ ਕੌਰ ਅਨੁਸਾਰ ਔਰਤ ਦੇ ਪਤੀ, ਦੋ ਨਨਾਣਾਂ ਤੇ ਰਘੁਬੀਰ ਤੇ ਅਸ਼ੋਕ ਖ਼ਿਲਾਫ਼ ਸਮੂਹਿਕ ਜਬਰ ਜਨਾਹ ਸਮੇਤ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਹਾਲੇ ਤਕ ਮੁਲਜ਼ਮ ਫੜੇ ਨਹੀਂ ਗਏ ਹਨ।