ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਚੰਗਰ ਇਲਾਕੇ ਦੇ ਸਮਾਜ ਸੇਵੀ ਅਤੇ ਮੁਲਾਜ਼ਮ ਆਗੂ ਕਪਿਲ ਮਹਿੰਦਲੀ ਅਤੇ ਬ੍ਰਾਂਚ ਪ੍ਰਧਾਨ ਮੱਖਣ ਕਾਲਸ ਵੱਲੋਂ ਅੱਜ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਪਿੱਪਲ਼ ਦਾ ਬੂਟਾ ਮਹਿਰੋਲੀ ਜਲ ਸਪਲਾਈ ਸਕੀਮ ਤੇ ਲਗਾ ਕੇ ਕੀਤੀ ਗਈ। ਇਸ ਮੌਕੇ ਕਪਿਲ ਮਹਿੰਦਲੀ, ਮੱਖਣ ਕਾਲਸ, ਜਰਨਲ ਸਕੱਤਰ ਗੁਰਜੀਤ ਸਿੰਘ, ਭੁਪਿੰਦਰ ਸਿੰਘ, ਰਘਵੀਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਹਰ ਇਕ ਵਿਅਕਤੀ ਇਕ - ਇਕ ਬੂਟਾ ਵੀ ਲਾਵੇ ਤਾਂ ਵੀ ਪੰਜਾਬ ਹਰਿਆ ਭਰਿਆ ਬਣ ਸਕਦਾ ਅਤੇ ਪ੍ਰਦੂਸ਼ਣ ਵੀ ਘੱਟ ਸਕਦਾ ਹੈ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਕਿਸੇ ਨੂੰ ਵੀ ਬੂਟੇ ਵੱਢਣ ਦਾ ਪਰਮਿਟ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਓਨੇ ਹੀ ਨਵੇਂ ਬੂਟੇ ਲਗਾਉਣ ਲਈ ਵੀ ਕਿਹਾ ਜਾਵੇ ਤਾਂ ਕਿ ਕੁਦਰਤੀ ਸੰਤੁਲਨ ਵੀ ਬਣਿਆ ਰਹੇ। ਇਸ ਮੌਕੇ ਕਪਿਲ ਮਹਿੰਦਲੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਪੂਰੇ ਪੰਜਾਬ ਦੇ ਕੰਟਰੈਕਟ ਵਰਕਰਾਂ ਨੂੰ ਪੂਰੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ।