ਪੱਤਰ ਪ੍ਰਰੇਰਕ, ਰੂਪਨਗਰ : ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਬਿਜਲੀ ਐਕਟ 2020 ਦੇ ਵਿਰੋਧ ਵਿਚ ਅੱਜ ਯੂਨੀਅਨ ਦਫਤਰ ਨੂੰਹੋਂ ਕਲੌਨੀ ਵਿਖੇ ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਥਰਮਲ ਯੂਨਿਟ ਰੂਪਨਗਰ ਵੱਲੋਂ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਕਾਲੇ ਬਿੱਲੇ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਸਰਪ੍ਰਸਤ ਅਤੇ ਥਰਮਲ ਯੂਨਿਟ ਦੇ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਬਿਜਲੀ ਐਕਟ-2020 ਬਿਜਲੀ ਸੁਧਾਰਾਂ ਨੇ ਨਾਮ 'ਤੇ ਨਿੱਜੀਕਰਨ ਵੱਲ ਇਕ ਹੋਰ ਪੁਲਾਂਘ ਹੈ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਬਿਜਲੀ ਐਕਟ-2003 ਦੇ ਨਾਮ 'ਤੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਤੋੜ ਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਦੇ ਨਾਮ ਦੀਆਂ ਦੋ ਕਾਰਪੋਰੇਸ਼ਨਾਂ ਬਣਾ ਕੇ ਨਿੱਜੀਕਰਨ ਦੀ ਸ਼ੁਰੂਆਤ ਕੀਤੀ ਸੀ। ਜਿਸ ਦੇ ਖਾਮਿਆਜ਼ੇ ਵੱਲੋਂ ਬਿਜਲੀ ਕਾਮਿਆਂ ਦੀਆਂ ਪੋਸਟਾਂ ਤੇ ਵੱਡਾ ਕੱਟ ਲੱਗਾ ਸੀ ਅਤੇ ਪੰਜਾਬ ਵਿਚ ਬਿਜਲੀ ਕਾਮਿਆਂ ਦੀ ਗਿਣਤੀ 90 ਹਜ਼ਾਰ ਤੋਂ ਘੱਟ ਕੇ 40 ਹਜ਼ਾਰ ਦੇ ਕਰੀਬ ਰਹਿ ਗਈ ਹੈ ਅਤੇ ਹੁਣ ਸਰਕਾਰ ਵੱਲੋਂ ਬਿਜਲੀ ਐਕਟ-2020 ਬਣਾ ਕੇ ਪੂਰੇ ਬਿਜਲੀ ਖੇਤਰ ਨੂੰ ਪ੍ਰਰਾਈਵੇਟ ਹੱਥਾਂ ਵਿਚ ਸੌਂਪਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਬਿਜਲੀ ਐਕਟ-2020 ਜਿੱਥੇ ਬਿਜਲੀ ਕਾਮਿਆਂ ਲਈ ਮਾਰੂ ਸਾਬਿਤ ਹੋਵੇਗਾ, ਉਥੇ ਹੀ ਪੰਜਾਬ ਦੇ ਲੋਕਾਂ ਲਈ ਵੀ ਇਹ ਨੁਕਸਾਨਦਾਇਕ ਹੈ, ਕਿਉਂਕਿ ਇਹ ਐਕਟ ਲਾਗੂ ਹੋਣ ਨਾਲ ਜਿੱਥੇ ਕਿਸਾਨਾਂ ਅਤੇ ਗਰੀਬ ਲੋਕਾਂ ਦੀ ਬਿਜਲੀ ਸਬਸਿਡੀ ਖਤਮ ਹੋਵੇਗੀ, ਉਥੇ ਆਮ ਲੋਕ ਅਤੇ ਕਾਰਖਾਨੇਦਾਰ ਹੋਰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਕੇਂਦਰ ਸਰਕਾਰ ਵਲੋਂ ਪ੍ਰਸਤਾਵਤ ਇਸ ਐਕਟ ਦਾ ਜ਼ੋਰਦਾਰ ਵਿਰੋਧ ਕਰਦੀ ਹੈ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਸ ਐਕਟ ਨੂੰ ਲਾਗੂ ਨਾ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਵੇਦ ਪ੍ਰਕਾਸ਼ ਦਿਵੇਦੀ, ਕੁਲਦੀਪ ਸਿੰਘ ਮਿਨਹਾਸ, ਸ਼ੇਰ ਬਹਾਦਰ ਖੜਕਾ, ਬਲਵਿੰਦਰ ਸਿੰਘ, ਤਰੁਣ ਲੋਤਰਾ, ਰਾਮ ਸੰਜੀਵਨ, ਪੁਸ਼ਪਿੰਦਰ ਸਿੰਘ ਗਿੱਲ, ਸਤਨਾਮ ਸਿੰਘ ਗੁੰਨੋਮਾਜਰਾ, ਆਦਿ ਹਾਜ਼ਰ ਸਨ।