ਜੋਲੀ ਸੂਦ/ਪਰਮਜੀਤ ਕੌਰ, ਮੋਰਿੰਡਾ/ਸ੍ਰੀ ਚਮਕੌਰ ਸਾਹਿਬ : ਪੰਜਾਬ ਕਾਂਗਰਸ (Punjab Congress) ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਮੋਰਿੰਡਾ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਸਥਿਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਮੋਰਿੰਡਾ ਪੁੱਜਣ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ, ਕਾਂਗਰਸ ਪਾਰਟੀ ਜ਼ਿੰਦਾਬਾਦ, ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਸਿੱਧੂ ਨੂੰ ਕਾਫਲੇ ਦੇ ਰੂਪ 'ਚ ਲਾਈਟਾਂ ਵਾਲੇ ਚੌਕ ਤੋਂ ਮੋਰਿੰਡਾ ਬਾਜ਼ਾਰ ਤਕ ਲਿਜਾਇਆ ਗਿਆ। ਇਸ ਉਪਰੰਤ ਸਿੱਧੂ ਨੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਮੱਥਾ ਟੇਕਿਆ। ਇਸ ਗੁਰਦੁਆਰਾ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਜੇਲ੍ਹ 'ਚ ਕੈਦ ਕਰ ਕੇ ਰੱਖਿਆ ਗਿਆ ਸੀ।

ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਦੇ ਆਗੂਆਂ ਤੇ ਵਰਕਰਾਂ 'ਚ ਨਵਾਂ ਉਤਸ਼ਾਹ ਭਰਿਆ ਹੈ। ਇਸ ਉਪਰੰਤ ਨਵਜੋਤ ਸਿੰਘ ਸਿੱਧੂ ਦਾ ਕਾਫਲਾ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਰਵਾਨਾ ਹੋਇਆ। ਸ੍ਰੀ ਚਮਕੌਰ ਸਾਹਿਬ ਪਹੁੰਚਣ ਮੌਕੇ ਸਿੱਧੂ ਦਾ ਕਿਸਾਨ ਜੱਥੇਬੰਦੀਆਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਗੁਰਨਾਮ ਸਿੰਘ ਜੱਸੜਾਂ, ਤਲਵਿੰਦਰ ਸਿੰਘ ਗੱਗੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਬਾਰਡਰਾਂ 'ਤੇ ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਸ਼ਹੀਦ ਹੋ ਰਹੇ ਹਨ, ਜਦੋਂਕਿ ਨਵਜੋਤ ਸਿੱਧੂ ਆਪਣੀ ਤਾਜਪੋਸ਼ੀ ਦੇ ਜਸ਼ਨ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਨਵਜੋਤ ਸਿੱਧੂ ਕਿਸਾਨੀ ਸੰਘਰਸ਼ ਦੌਰਾਨ ਚੁੱਪ ਬੈਠੇ ਹੋਏ ਹਨ ਤੇ ਹੁਣ ਪ੍ਰਧਾਨਗੀ ਦੀ ਕੁਰਸੀ ਮਿਲਣ ਤੋਂ ਬਾਅਦ ਕਿਸਾਨ ਦੀ ਯਾਦ ਆ ਗਈ ਹੈ, ਜੋ ਕਿ ਨਾਟਕਬਾਜ਼ੀ ਕਰ ਰਹੇ ਹਨ।

Posted By: Seema Anand