ਸਰਬਜੀਤ ਸਿੰਘ, ਰੂਪਨਗਰ : ਨਗਰ ਕੌਂਸਲ ਦੇ 21 ਵਾਰਡਾਂ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਹੋਈ ਮੀਟਿੰਗ ਉਪਰੰਤ ਅਕਾਲੀ ਭਾਜਪਾ ਕੌਂਸਲਰਾਂ ਨੇ ਨਵੀਂ ਵਾਰਡਬੰਦੀ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਵਾਰਡਬੰਦੀ ਨੂੰ ਰੱਦ ਕਰ ਦਿੱਤਾ ਹੈ। ਨਗਰ ਕੌਂਸਲ ਦੇ ਪ੍ਰਧਾਨ ਅਤੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਉਨ੍ਹਾਂ ਨੇ ਨਵੀਂ ਵਾਰਡਬੰਦੀ ਦੇ ਨਕਸ਼ੇ 'ਤੇ ਆਪਣੇ ਦਸਤਖਤ ਤਕ ਨਹੀਂ ਕੀਤੇ ਹਨ, ਕਿਉਂਕਿ ਇਹ ਵਾਰਡਬੰਦੀ ਅਫ਼ਸਰਾਂ ਨੇ ਨਹੀਂ ਸਗੋਂ ਕਾਂਗਰਸੀ ਆਗੂਆਂ ਦੇ ਕਹਿਣ ਅਨੁਸਾਰ ਬਣਾਈ ਗਈ ਹੈ। ਅਕਾਲੀ ਦਲ ਤੇ ਭਾਜਪਾ ਇਸ ਵਾਰਡਬੰਦੀ ਨੂੰ ਨਹੀਂ ਮੰਨਣਗੇ। ਮੱਕੜ ਨੇ ਦੋਸ਼ ਲਾਇਆ ਕਿ ਨਵੀਂ ਵਾਰਡਬੰਦੀ ਅਨੁਸਾਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਹੋਵੇਗੀ ਅਤੇ ਉਹ ਲੋਕਾਂ ਦੇ ਹਿੱਤਾਂ ਲਈ ਆਪਣਾ ਵਿਰੋਧ ਜਾਰੀ ਰੱਖਣਗੇ ਅਤੇ ਲੋੜ ਪਈ ਤਾਂ ਅਦਾਲਤ ਵੀ ਜਾਵਾਂਗੇ।

-------

ਅਕਾਲੀ ਦਲ ਨੂੰ ਇਤਰਾਜ਼ ਹੈ ਤਾਂ ਉਹ ਕਾਨੂੰਨੀ ਲੜਾਈ ਲੜਨ : ਵਾਹੀ

ਸ਼ੁੱਕਰਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਅਤੇ ਰੋਪੜ ਦੀ ਐੱਸਡੀਐੱਮ ਹਰਜੋਤ ਕੌਰ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਵਾਰਡਬੰਦੀ ਨੂੰ ਲੈ ਕੇ ਮੀਟਿੰਗ ਕੀਤੀ ਗਈ ਅਤੇ ਕੌਂਸਲਰਾਂ ਨੂੰ ਨਵਾਂ ਨਕਸ਼ਾ ਵਿਖਾਇਆ ਗਿਆ। ਮੱਕੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਵੀਂ ਵਾਰਡਬੰਦੀ ਬਣਾ ਕੇ ਆਪਣੀ ਹਾਰ ਮੰਨ ਲਈ ਹੈ ਅਤੇ ਉਹ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਲੈ ਕੇ ਕਾਨੂੰਨੀ ਲੜਾਈ ਵੀ ਲੜਨਗੇ।

ਮੱਕੜ ਨੇ ਕਿਹਾ ਕਿ ਉਹ ਚੋਣ ਲੜਨ ਲਈ ਤਿਆਰ ਹਨ ਅਤੇ ਚੋਣਾਂ 'ਚ ਜਿੱਤ ਵੀ ਦਰਜ ਕਰਨਗੇ। ਇਸ ਦੌਰਾਨ ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੈਣੀ, ਬਾਵਾ ਸਿੰਘ, ਭਾਜਪਾ ਕੌਂਸਲਰ ਰਚਨਾ ਲਾਂਭਾ,ਅਕਾਲੀ ਕੌਂਸਲਰ ਮਨਜਿੰਦਰ ਸਿੰਘ ਧਨੋਆ ਵੀ ਮੌਜੂਦ ਸਨ।

ਦੂਜੇ ਪਾਸੇ ਕਾਂਗਰਸ ਦੇ ਕੌਂਸਲਰ ਅਸ਼ੋਕ ਵਾਹੀ ਨੇ ਕਿਹਾ ਕਿ ਨਵੀਂ ਵਾਰਡਬੰਦੀ ਕਾਨੂੰਨੀ ਨਿਯਮਾਂ ਅਨੁਸਾਰ ਹੀ ਬਣੀ ਹੈ ਅਤੇ ਬਿਲਕੁਲ ਸਹੀ ਹੈ। ਜੇਕਰ ਅਕਾਲੀ ਦਲ ਨੂੰ ਨਵੀਂ ਵਾਰਡਬੰਦੀ ਨੂੰ ਲੈ ਕੇ ਕੋਈ ਇਤਰਾਜ਼ ਹੈ ਤਾਂ ਉਹ ਕਾਨੂੰਨੀ ਲੜਾਈ ਲੜ ਸਕਦੇ ਹਨ। ਵਾਹੀ ਨੇ ਕਿਹਾ ਕਿ ਅਕਾਲੀ ਦਲ ਦੀ ਦਸ ਸਾਲ ਸਰਕਾਰ ਰਹੀ ਹੈ ਅਤੇ ਇਹ ਹਰ ਵਾਰ ਨਵੀਂ ਵਾਰਡਬੰਦੀ ਬਣਦੀ ਰਹੀ ਹੈ ਅਤੇ ਅਸੀਂ ਇਨ੍ਹਾਂ ਨੂੰ ਕੁੱਝ ਨਹੀਂ ਕਿਹਾ । ਵਾਹੀ ਨੇ ਕਿਹਾ ਕਿ ਸਾਡੇ ਕਾਂਗਰਸ ਦੇ 21 ਕੌਸਲਰਾਂ 'ਚੋਂ ਸਿਰਫ 2 ਕੌਂਸਲਰ ਸਨ ਅਤੇ ਅਸੀਂ ਇਨ੍ਹਾਂ ਨਾਲ ਹਰ ਲੜਾਈ ਲੜਦੇ ਰਹੇ ਹਾਂ। ਵਾਹੀ ਨੇ ਕਿਹਾ ਕਿ ਨਵੀਂ ਵਾਰਡਬੰਦੀ 'ਚ 50 ਫ਼ੀਸਦੀ ਕੋਟਾ ਅੌਰਤਾਂ ਨੂੰ ਦਿੱਤਾ ਗਿਆ ਹੈ ਅਤੇ ਹੋਰ ਵਰਗਾਂ ਦਾ ਵੀ ਧਿਆਨ ਰੱਖਿਆ ਗਿਆ ਹੈ ਅਤੇ ਸਥਾਨਕ ਸਰਕਾਰ ਵਿਭਾਗ ਵੱਲੋਂ ਨਵੀਂ ਵਾਰਡਬੰਦੀ ਸਹੀ ਬਣਾਈ ਗਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਨਵੀਂ ਵਾਰਡਬੰਦੀ ਸਹੀ ਨਹੀਂ ਲੱਗਦੀ ਤਾਂ ਉਹ ਇਸ ਦਾ ਵਿਰੋਧ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਦੀ ਚੋਣ ਲੜਨ ਲਈ ਤਿਆਰ ਹਨ ਅਤੇ ਕਾਂਗਰਸ ਪਾਰਟੀ ਪੂਰੀ ਸ਼ਾਨ ਨਾਲ ਚੋਣਾਂ ਜਿੱਤੇਗੀ। ਇਸ ਦੌਰਾਨ ਕਾਂਗਰਸੀ ਕੌਂਸਲਰ ਪੋਮੀ ਸੋਨੀ, ਆਜ਼ਾਦ ਕੌਂਸਲਰ ਅਮਰਜੀਤ ਸਿੰਘ ਜੌਲੀ, ਕਾਂਗਰਸੀ ਆਗੂ ਮੋਹਿਤ ਸ਼ਰਮਾ ਮੌਜੂਦ ਸਨ।

-------------

ਨਵੀਂ ਵਾਰਡਬੰਦੀ ਪ੍ਰਵਾਨਗੀ ਲਈ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜੀ- ਐਸਡੀਐਮ

ਰੋਪੜ ਦੀ ਐੱਸਡੀਐੱਮ ਹਰਜੋਤ ਕੌਰ ਨੇ ਨਵੀਂ ਵਾਰਡਬੰਦੀ ਬਾਰੇ ਦੱਸਿਆ ਕਿ ਸ਼ਹਿਰ ਦੇ 21 ਵਾਰਡਾਂ 'ਚੋਂ 10 ਸੀਟਾਂ ਅੌਰਤਾਂ ਲਈ ਰਿਜ਼ਰਵ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 4 ਸੀਟਾਂ ਐੱਸਸੀ ਵਰਗ ਲਈ ਹਨ, ਜਿਸ 'ਚ 2 ਅੌਰਤਾਂ ਲਈ ਰਿਜ਼ਰਵ ਰੱਖੀਆਂ ਹਨ। ਇਸ ਤੋਂ ਇਲਾਵਾ 1 ਸੀਟ ਬੀਸੀ ਵਰਗ ਲਈ ਅਤੇ 8 ਸੀਟਾਂ ਜਨਰਲ ਵਰਗ ਲਈ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਵੀਂ ਵਾਰਡਬੰਦੀ ਦੀ ਤਜ਼ਵੀਜ ਪੇਸ਼ ਕਰਕੇ ਕੌਂਸਲਰਾਂ ਨੂੰ ਨਵਾਂ ਨਕਸ਼ਾ ਦਿਖਾਇਆ ਗਿਆ ਹੈ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਪ੍ਰਵਾਨਗੀ ਹਿੱਤ ਭੇਜਿਆ ਹੈ। ਇਸ ਉਪਰੰਤ ਨਵੀਂ ਵਾਰਡਬੰਦੀ 'ਤੇ ਇਤਰਾਜ਼ ਲਾਉਣ ਲਈ ਇਕ ਹਫ਼ਤੇ ਦਾ ਸਮਾਂ ਵੀ ਮਿਲੇਗਾ ਅਤੇ ਜਿਸ ਨੂੰ ਵੀ ਇਤਰਾਜ਼ ਹੋਵੇਗਾ ਉਹ ਆਪਣਾ ਇਤਰਾਜ਼ਦਰਜ ਕਰਵਾ ਸਕੇਗਾ। ਇਸ ਮੌਕੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਭਜਨ ਚੰਦ ਵੀ ਮੌਜੂਦ ਸਨ।