ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਇਲਾਕੇ 'ਚ ਕਾਫੀ ਸਮੇਂ ਤੋਂ ਗੈਰ-ਕਾਨੂੰਨੀ ਤੌਰ 'ਤੇ ਜੁਗਾੜੂ ਮੋਟਰਸਾਈਕਲ ਚੱਲ ਰਹੇ ਹਨ, ਜਿਸ ਦੇ ਕਾਰਨ ਟਰਾਂਸਪੋਰਟ ਵਿਭਾਗ ਨੂੰ ਲੱਖਾਂ ਰੁਪਏ ਦਾ ਟੈਕਸ ਅਦਾ ਕਰਨ ਵਾਲੇ ਵਹੀਕਲ ਬਰਬਾਦੀ ਵੱਲ ਵੱਧ ਰਹੇ ਹਨ। ਇਸ ਸਬੰਧੀ ਕਈ ਵਾਰ ਲਿਖਤੀ ਤੌਰ 'ਤੇ ਜੀਪਾਂ ਤੇ ਟੈਂਪੂਆਂ ਦੇ ਮਾਲਕਾਂ ਨੇ ਇਹ ਮਸਲਾ ਪ੍ਸ਼ਾਸਨ ਨੂੰ ਦੱਸਿਆ ਪਰ ਹੱਲ ਕੋਈ ਨਹੀਂ ਨਿਕਲਿਆ।

ਅੱਜ ਇੱਥੇ ਜੀਪਾਂ ਤੇ ਹਾਥੀ ਟੈਂਪੂਆਂ ਦੇ ਮਾਲਕ ਮਹਿੰਦਰ ਦੜੌਲੀ, ਜਸਪਾਲ ਸੋਨੂ, ਜਸਬੀਰ ਸਿੰਘ ਬਹਿਲੂ, ਗੁਰਮੀਤ, ਗੁਰਬਚਨ ਸਿੰਘ, ਸ਼ਾਦੀ ਲਾਲ, ਪੋਲਾ ,ਬਲਵਿੰਦਰ ਸਿੰਘ ਜਿੰਦਵੜੀ ਤੇ ਗੀਤਾ ਰਾਮ ਨੇ ਦੱਸਿਆ ਕਿ ਅਸੀਂ ਜ਼ਮੀਨਾਂ ਵੇਚ ਕੇ ਕਰਜ਼ੇ ਚੁੱਕ ਕੇ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਆਪਣੀ ਰੋਜ਼ੀ ਰੋਟੀ ਲਈ ਜੀਪਾਂ ਤੇ ਟੈਂਪੂ ਪਾਏ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਵਹੀਕਲ ਟਰਾਂਸਪੋਰਟ ਵਿਭਾਗ ਕੋਲੋਂ ਰਜਿਸਟਰਡ ਕਰਵਾਏ ਹਨ। ਹਰ ਸਾਲ ਬਣਦਾ ਟੈਕਸ , ਇਨਸੋਰੈਂਸ਼ ਦੇ ਰਹੇ ਹਨ ਪਰ ਜੁਗਾੜੂ ਮੋਟਰ ਸਾਈਕਲ ਸਾਡੇ ਰੁਜ਼ਗਾਰ ਨੂੰ ਸੱਟ ਮਾਰ ਰਹੇ ਹਨ। ਇਹ ਮੋਟਰ ਸਾਈਕਲ ਤਾਂ ਘੱਟ ਕਿਰਾਏ 'ਤੇ ਮਾਲ ਲੈ ਜਾਂਦੇ ਹਨ, ਜਦ ਕਿ ਇਨ੍ਹਾਂ ਮੋਟਰਸਾਈਕਲਾਂ ਕੋਲ ਕੋਈ ਕਾਗਜ਼ ਪੱਤਰ ਪੂਰੇ ਵੀ ਨਹੀਂ ਹਨ। ਇਹ ਕਾਨੂੰਨ ਦੀਆਂ ਧੱਜੀਆਂ ਉੱਡਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਵਹੀਕਲਾਂ ਦੇ ਜਦੋਂ ਪੂਰੇ ਟੈਕਸ ਦਿੰਦੇ ਹਾਂ ਤਾਂ ਘੱਟ ਰੇਟ 'ਤੇ ਕੰਮ ਕਿਵੇਂ ਕਰ ਸਕੇਦ ਹਨ। ਇਨ੍ਹਾਂ ਮਾਲਕਾਂ ਨੇ ਦੱਸਿਆ ਕਿ ਅਸੀਂ ਲਿਖਤੀ ਤੌਰ 'ਤੇ ਕਈ ਵਾਰ ਇਹ ਮਸਲਾ ਪ੍ਸ਼ਾਸਨ ਦੇ ਧਿਆਨ ਵਿਚ ਵੀ ਲਿਆਂਦਾ, ਪਰ ਹੱਲ ਕੋਈ ਨਹੀਂ ਹੋਇਆ। ਇਹ ਮੋਟਰਸਾਈਕਲਾਂ 'ਤੇ ਹੱਦੋਂ ਵੱਧ ਭਾਰ ਲੱਦ ਕੇ ਦੁਰਘਟਨਾਵਾਂ ਨੂੰ ਵੀ ਸੱਦਾ ਰਹੇ ਹਨ। ਉਨ੍ਹਾਂ ਦੀ ਪ੍ਸ਼ਾਸਨ ਅੱਗੇ ਬੇਨਤੀ ਹੈ ਕਿ ਗੈਰ-ਕਾਨੂੰਨੀ ਤੌਰ 'ਤੇ ਚੱਲਦੇ ਮੋਟਰਸਾਈਕਲਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਉਨ੍ਹਾਂ ਰੋਟੀ ਰੋਜ਼ੀ ਸਹੀ ਢੰਗ ਨਾਲ ਚੱਲ ਸਕੇ।