ਲਖਵੀਰ ਖਾਬੜਾ,ਰੂਪਨਗਰ :16ਵੀਂ ਪੰਜਾਬ ਵਿਧਾਨਸਭਾ ਦੇ ਦੂਜੇ ਦਿਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲੋਕ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਮਾਮਲੇ ਉਠਾਏ। ਜਾਣਕਾਰੀ ਦਿੰਦਿਆਂ ਐਡਵੋਕੇਟ ਚੱਢਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਰੂਪਨਗਰ ਵਿਖੇ ਰੋਇੰਗ ਅਕੈਡਮੀ ਮੁੜ ਸ਼ੁਰੂ ਕਰਨ ਅਤੇ ਇਸ ਦੇ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਸਬੰਧੀ ਸਵਾਲ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਖੇਡ ਮੰਤਰੀ ਨੇ ਲਿਖਤੀ ਤੌਰ ਉੱਤੇ ਦੱਸਿਆ ਕਿ ਰੋਇੰਗ ਅਕੈਡਮੀ ਨੂੰ ਮੁੜ ਮੋਹਾਲੀ ਤੋਂ ਰੂਪਨਗਰ ਲਿਆਉਣ ਦਾ ਫੈਸਲਾ ਲੈ ਲਿਆ ਗਿਆ ਹੈ ਅਤੇ ਰੂਪਨਗਰ ਵਿਖੇ ਖਿਡਾਰੀਆਂ ਦੀ ਰਿਹਾਇਸ਼ ਲਈ ਹੋਸਟਲ ਕਿਰਾਏ ਉੱਤੇ ਲੈਣ ਲਈ ਵੀ ਐਗਰੀਮੈਂਟ ਹੋ ਚੁੱਕਾ ਹੈ। ਐਡਵੋਕੇਟ ਚੱਢਾ ਨੂੰ ਵਿਸ਼ਵਾਸ ਦਵਾਉਂਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਰੂਪਨਗਰ ਜ਼ਿਲ੍ਹੇ ਨੂੰ ਵਾਟਰ ਸਪੋਰਟਸ ਵਜੋਂ ਸਥਾਪਿਤ ਕਰਨ ਲਈ ਪੁਰਜੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਬਹੁਤ ਜਲਦ ਰੂਪਨਗਰ ਜ਼ਿਲਾ ਦੇਸ਼ ਦੇ ਨਕਸ਼ੇ ਉੱਤੇ ਵਾਟਰ ਸਪੋਰਟਸ ਦੀਆਂ ਸਰਗਰਮੀਆਂ ਅਤੇ ਸੈਰ ਸਪਾਟੇ ਵਜੋਂ ਉਭਰ ਕੇ ਸਾਹਮਣੇ ਆਏਗਾ।

ਇਸ ਤੋਂ ਇਲਾਵਾ ਐੱਮਐੱਲਏ ਚੱਢਾ ਨੇ ਰੈਗੂਲਸ਼ਨ ਆਫ ਫੀਸ ਇਨ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਐਕਟ ਵਿਚ

ਸੋਧ ਅਨੁਸਾਰ ਕਾਰਵਾਈ ਕਰਨ ਲਈ ਸਿੱਖਿਆ ਮੰਤਰੀ ਤੋਂ ਪੁੱਛਿਆ ਕਿ ਪਿਛਲੀ ਸਰਕਾਰ ਵੱਲੋਂ ਰੈਗੂਲੇਸ਼ਨ ਆਫ ਫੀਸ ਇਨ ਅਨਏਡਡ ਐਜੂਕੇਸ਼ਨਲ, ਇੰਸਟੀਚਿਊਸ਼ਨਜ਼ ਐਕਟ ਵਿੱਚ ਸੋਧ ਕਰਕੇ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਬਣਾਈਆਂ ਗਈਆਂ ਫੀਸ ਰੈਗੂਲੇਸ਼ਨ ਕਮੇਟੀਆਂ ਨੇ ਆਪਣਾ ਕੰਮ-ਕਾਜ ਸ਼ੁਰੂ ਕਰ ਦਿੱਤਾ ਹੈ ਅਤੇ ਕੀ ਫੀਸਾਂ ਸਬੰਧੀ ਪ੍ਰਾਪਤ ' ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਇਸ ਸਬੰਧੀ ਜਾਣਕਾਰੀ ਅਤੇ ਅੰਕੜੇ ਸਾਂਝੇ ਕੀਤੇ ਜਾਣ?

ਇਸ ਬਾਰੇ ਜਵਾਬ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਰੈਗੂਲੇਸ਼ਨ ਆਫ ਫੀਸ ਇਨ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਐਕਟ ਵਿੱਚ ਸੋਧ ਕਰਕੇ ਹਰ ਜਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜਿਲ੍ਹੇ ਵਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਇਹਨਾਂ ਕਮੇਟੀਆਂ ਨੇ ਉਸ ਸਮੇਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਫੀਸ ਸਬੰਧੀ 15-3-2022 ਤੱਕ ਕੁੱਲ 151 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿੰਨਾਂ ਵਿੱਚੋਂ 138 ਦਾ 15-3-2022 ਤੱਕ ਨਿਪਟਾਰਾ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੀਆਂ 13 ਸ਼ਿਕਾਇਤਾਂ ਸਬੰਧੀ ਚੇਅਰਮੈਨ ਫੀਸ ਰੈਗੂਲੇਟਰੀ ਬਾਡੀ ਅੱਗੇ ਸੁਣਵਾਈਆਂ ਚੱਲ ਰਹੀਆਂ ਹਨ।

Posted By: Shubham Kumar