ਲਖਵੀਰ ਖਾਬੜਾ, ਰੂਪਨਗਰ : ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਜਾਇਜ਼ ਮਾਈਨਿੰਗ ਕਰਨ ਵਾਲੇ ਹਰਸਾ ਬੇਲਾ, ਸਵਾੜਾ ਤੇ ਬੇਇਹਾਰਾ ਤਿੰਨ ਖੱਡਾਂ ਦੇ ਠੇਕੇਦਾਰਾਂ ਕੋਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਕਰੀਬ 1000 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਮਾਮਲਾ ਚੁੱਕਿਆ।

ਜਿਸ ਤੇ ਜਵਾਬ ਦਿੰਦਿਆਂ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਠੀਕ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਮਾਮਲੇ ਚ ਕਾਰਵਾਈ ਨਹੀਂ ਹੋਈ ਸੀ। ਹੁਣ ਕਾਰਵਾਈ ਨਾ ਕਰਨ ਵਾਲੇ ਜਿਲ੍ਹਾ ਮਾਇਨਿੰਗ ਅਫਸਰ, ਅਤੇ ਦੋ ਜਨਰਲ ਮੈਨੇਜਰਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ 20 ਦਿਨ ਚ ਅਗਲੇਰੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ।

ਸਦਨ ‘ਚ ਵਕੀਲ ਚੱਢਾ ਨੇ ਕਿਹਾ ਕਿ ਉਹ ਖੁਦ ਇਸ ਮਾਮਲੇ ਦੇ ਸ਼ਿਕਾਇਤਕਰਤਾ ਹਨ ਅਤੇ ਐਨਜੀਟੀ ਨੇ ਉਨ੍ਹਾਂ ਦੇ ਕੇਸ ’ਚ ਹੀ 632 ਕਰੋੜ ਦੀ ਪੈਨਲਟੀ ਇਨ੍ਹਾਂ ਦੋਸ਼ੀਆਂ ਨੂੰ ਲਗਾਈ ਸੀ। ਜੋ ਕਿ ਹੁਣ ਵਿਆਜ ਸਮੇਤ ਕਰੀਬ 1000 ਕਰੋੜ ਬਣ ਜਾਂਦੀ ਹੈ। ਪਰ ਇਸ ਮਾਮਲੇ ’ਚ ਹੁਣ ਤੱਕ ਕਨੂੰਨੀ ਦਾਅਪੇਚ ਦਾ ਖੇਡ ਖੇਡਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਖੜੇ ਕੀਤੇ ਕਿ 1000 ਕਰੋੜ ਦੀ ਲੁੱਟ ਦੇ ਦੋਸ਼ੀ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਹੋਏ। ਜਿਸ ਤੇ ਮੰਤਰੀ ਬੈਂਸ ਨੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ। ਚੱਢਾ ਨੇ ਕਿਹਾ ਕਿ ਐਨਜੀਟੀ ਨੇ ਮਾਈਨਿੰਗ ਨਾਲ਼ ਹੋਏ ਨੁਕਸਾਨ ਦੀ ਰਿਵਾਈਵਲ ਲਈ ਵੀ ਕਿਹਾ ਸੀ। ਜਿਸ ਤੇ ਮੰਤਰੀ ਨੇ ਸਹਿਮਤੀ ਜਤਾਉਂਦਿਆਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।

Posted By: Jagjit Singh