ਸਟਾਫ ਰਿਪੋਰਟਰ, ਰੂਪਨਗਰ : ਮਿਡ-ਡੇਅ-ਮੀਲ ਵਰਕਰ ਯੂਨੀਅਨ ਦੀ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਹੋਈ। ਮੀਟਿੰਗ 'ਚ ਬਲਾਕ ਪ੍ਰਧਾਨ ਜਸਵਿੰਦਰ ਕੌਰ, ਰਮਾ ਸ਼ਰਮਾ, ਰੇਨੂੰ ਸ਼ਰਮਾ, ਗੁਰਦੀਪ ਕੌਰ ਆਦਿ ਨੇ ਸੰਬੋਧਨ ਕੀਤਾ। ਮੀਟਿੰਗ 'ਚ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿੱਡ-ਡੇਅ-ਮੀਲ ਵਰਕਰਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਮਿਡ-ਡੇਅ-ਮੀਲ ਵਰਕਰ ਸਰਕਾਰ ਦੀਆਂ ਸ਼ਰਤਾਂ ਅਤੇ ਹਦਾਇਤਾਂ ਅਨੁਸਾਰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਲਗਾਤਾਰ ਅਣਗੋਲ਼ਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ ਵੀ ਮਿੱਡ-ਡੇਅ-ਮੀਲ ਵਰਕਰਾਂ ਨੂੰ ਸਿਰਫ 1700 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਤਨਖ਼ਾਹ ਵੀ ਸਿਰਫ 10 ਮਹੀਨੇ ਤਕ ਹੀ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਉਹ ਸਮਾਜ ਦਾ ਹਿੱਸਾ ਹਨ । ਇੰਨੀ ਘੱਟ ਤਨਖ਼ਾਹ ਨਾਲ ਗੁਜ਼ਾਰਾ ਕਰਨਾ ਨਾ ਦੇ ਬਰਾਬਰ ਹੈ। ਉਨ੍ਹਾਂ ਕਿਹਾ ਸਰਕਾਰ ਸਿਰਫ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਕੇ ਪੱਲਾ ਝਾੜਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਰਕਰਾਂ ਨੂੰ 10 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਦੀ ਕੁੰਭਕਰਨੀ ਨੀਂਦ ਖੁੱਲ੍ਹਣ ਦਾ ਨਾਂ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਹੈ। ਯੂਨੀਅਨ ਦੀਆਂ ਮੰਗਾਂ ਵਿਚ ਪੂਰੇ ਸਾਲ ਤਨਖ਼ਾਹ ਦੇਣੀ, ਸਿਲੰਡਰ ਸਕੂਲਾਂ 'ਚ ਪੁੱਜਦਾ ਕਰਨਾ, ਬੱਚੇ ਘੱਟਣ 'ਤੇ ਵਰਕਰਾਂ ਨੂੰ ਨਾ ਕੱਢਣਾ, ਮਿਡ-ਡੇ-ਮੀਲ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਆਦਿ ਹਨ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਭੁੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਰੁਜ਼ਗਾਰ ਦੇਣ ਲਈ ਵਚਨਬੱਧ ਹੈ ਤਾਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਕੁਲਵਿੰਦਰ ਕੌਰ, ਜਸਵੀਰ ਕੌਰ, ਮਨਪ੍ਰਰੀਤ ਕੌਰ, ਹਰਭਜਨ ਕੌਰ, ਹਰਵਿੰਦਰ ਕੌਰ, ਰਣਜੀਤ ਕੌਰ, ਬਲਜਿੰਦਰ ਕੌਰ, ਅਵਤਾਰ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ, ਮਲਕੀਤ ਕੌਰ, ਸੋਮਾ ਦੇਵੀ, ਪ੍ਰਗਾਸ਼ ਕੌਰ, ਅਰਜੀਤ ਕੌਰ, ਕਿਰਨ ਸ਼ਰਮਾ, ਹਰਦੀਪ ਕੌਰ ਅਤੇ ਦਮਨਪ੍ਰਰੀਤ ਕੌਰ ਆਦਿ ਹਾਜ਼ਰ ਸਨ।