ਮਹਿਕਪ੍ਰੀਤ ਦਾ ਮੁੱਖ ਮੰਤਰੀ ਮਾਨ ਵੱਲੋਂ ਵਿਸ਼ੇਸ਼ ਸਨਮਾਨ
ਮਹਿਕਪ੍ਰੀਤ ਕੌਰ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਸਨਮਾਨ
Publish Date: Tue, 09 Jun 2026 04:09 PM (IST)
Updated Date: Tue, 09 Jun 2026 04:11 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਰੂਪਨਗਰ ਜ਼ਿਲ੍ਹੇ ਦੇ ਪਿੰਡ ਪਪਰਾਲੀ ਦੀ ਰਹਿਣ ਵਾਲੀ ਮਹਿਕਪ੍ਰੀਤ ਕੌਰ, ਜਿਸ ਨੇ ਭਾਰਤੀ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੂਰਪੁਰਬੇਦੀ ਦੇ ਪਿੰਡ ਬੜਵਾ ਵਿਖੇ ਆਯੋਜਿਤ ਇੱਕ ਵਿਸ਼ਾਲ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਮਾਈ ਭਾਗੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਮਹਿਕਪ੍ਰੀਤ ਕੌਰ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਉਸ ਦੀ ਸ਼ਾਨਦਾਰ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਿਕਪ੍ਰੀਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਧੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਘੱਟ ਨਹੀਂ ਹਨ ਅਤੇ ਜੇਕਰ ਉਨ੍ਹਾਂ ਨੂੰ ਸਹੀ ਮੌਕੇ ਅਤੇ ਮਾਰਗਦਰਸ਼ਨ ਮਿਲੇ ਤਾਂ ਉਹ ਦੇਸ਼ ਦੀਆਂ ਸਭ ਤੋਂ ਉੱਚੀਆਂ ਪ੍ਰਾਪਤੀਆਂ ਹਾਸਲ ਕਰ ਸਕਦੀਆਂ ਹਨ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਹਿਕਪ੍ਰੀਤ ਕੌਰ ਦੀ ਇਹ ਉਪਲਬਧੀ ਸਿਰਫ਼ ਉਸਦੇ ਪਰਿਵਾਰ ਲਈ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇੱਕ ਕਿਸਾਨ ਪਰਿਵਾਰ ਦੀ ਧੀ ਵੱਲੋਂ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਨਾ ਲੱਖਾਂ ਨੌਜਵਾਨਾਂ, ਖ਼ਾਸ ਕਰਕੇ ਪਿੰਡਾਂ ਦੀਆਂ ਧੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਧੀਆਂ ਪੰਜਾਬ ਦੀ ਅਸਲ ਤਾਕਤ ਹਨ, ਜੋ ਆਪਣੇ ਜਜ਼ਬੇ, ਮਿਹਨਤ ਅਤੇ ਲਗਨ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀਆਂ ਹਨ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵੀ ਮਹਿਤਪ੍ਰੀਤ ਕੌਰ ਦੀ ਇਸ ਉਪਲਬਧੀ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਮਹਿਕਪ੍ਰੀਤ ਕੌਰ, ਕਿਸਾਨ ਅਮਰਜੀਤ ਸਿੰਘ ਅਤੇ ਰੁਪਿੰਦਰ ਕੌਰ ਦੀ ਧੀ ਹੈ ਅਤੇ ਉਸ ਨੇ ਮੋਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿੱਚ ਸਿਖਲਾਈ ਪ੍ਰਾਪਤ ਕੀਤੀ। ਉਸ ਨੇ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਰੈਂਕ-1 ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਪ੍ਰਾਪਤੀ ਰਾਜ ਦੀਆਂ ਧੀਆਂ ਲਈ ਇੱਕ ਨਵਾਂ ਮਾਪਦੰਡ ਸਥਾਪਿਤ ਕਰਦੀ ਹੈ ਅਤੇ ਸਾਬਤ ਕਰਦੀ ਹੈ ਕਿ ਪੰਜਾਬ ਦੀਆਂ ਬੇਟੀਆਂ ਦੇਸ਼ ਦੀ ਰੱਖਿਆ ਅਤੇ ਸੇਵਾ ਲਈ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।