ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਮਸਲੇ 'ਤੇ ਰੋਜ਼ਾਨਾ ਸੁਣਵਾਈ ਕਰੇ ਤਾਂ ਜੋ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਨਿਕਲ ਸਕੇ। ਇਹ ਵਿਚਾਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਸਾਂਝੇ ਕੀਤੇ।

ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਰਿਵਾਰ ਸਮੇਤ ਵਿਸ਼ੇਸ਼ ਤੌਰ 'ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤਿਵਾੜੀ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕਿਸਾਨਾਂ ਦੇ ਹੱਕ ਉਨ੍ਹਾਂ ਨੂੰ ਮਿਲਣੇ ਚਾਹੀਦੇ ਹਨ ਤੇ ਇਹ ਕਿਸਾਨ ਵਿਰੋਧੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਟਰੈਕਟਰ ਪਰੇਡ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸੰਵਿਧਾਨ ਹਰੇਕ ਨੂੰ ਆਪਣੀ ਗੱਲ ਸ਼ਾਂਤਮਈ ਤਰੀਕੇ ਨਾਲ ਕਹਿਣ ਦਾ ਹੱਕ ਦਿੰਦਾ ਹੈ ਤੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਸਾਰੇ ਕੰਮ ਕਰ ਰਹੇ ਹਨ। ਨਾਜਾਇਜ਼ ਮਾਈਨਿੰਗ ਬਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਪਾਲਸੀ ਤਹਿਤ ਮਨਜ਼ੂਰੀ ਮਿਲੀ ਜਗ੍ਹਾ 'ਤੇ ਨਿਯਮਾਂ ਮੁਤਾਬਕ ਹੀ ਮਾਈਨਿੰਗ ਹੋਵੇ।

ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਸਿੰਗਲ ਲਾਈਨ ਤੋਂ ਡਬਲ ਲਾਈਨ ਬਣਾਉਣ ਬਾਰੇ ਪੁੱਛਣ 'ਤੇ ਤਿਵਾੜੀ ਨੇ ਕਿਹਾ ਕਿ ਪਹਿਲਾਂ ਵੀ ਇਸ ਬਾਰੇ ਰੇਲਵੇ ਮੰਤਰੀ ਨਾਲ ਗੱਲ ਹੋਈ ਹੈ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ ਪਰ ਅਸੀਂ ਫਿਰ ਦੁਬਾਰਾ ਇਸ ਸਬੰਧੀ ਗੱਲ ਕਰਾਂਗੇ ਤੇ ਗੁਰੂੂ ਨਗਰੀ ਦੇ ਰੇਲਵੇ ਸਟੇਸ਼ਨ ਨੂੰ ਵੱਡਾ ਕਰਨ ਬਾਰੇ ਕਿਹਾ ਜਾਵੇਗਾ। ਇਸ ਮੌਕੇ ਪਵਨ ਦੀਵਾਨ ਚੇਅਰਮੈਨ ਅਤੇ ਯੂਥ ਕਾਂਗਰਸ ਮੋਹਾਲੀ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ।