ਸਟਾਫ ਰਿਪੋਰਟਰ, ਰੂਪਨਗਰ : ਜੰਗਲਾਤ ਵਰਕਰ ਯੂਨੀਅਨ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜੰਗਲਾਤ ਦਫ਼ਤਰ ਵਿਖੇ 9ਵੇਂ ਦਿਨ ਵੀ ਧਰਨਾ ਦਿੱਤਾ ਗਿਆ। ਇਸ ਮੌਕੇ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸੂਬਾ ਆਗੂ ਮਲਾਗਰ ਸਿੰਘ, ਜ਼ਿਲ੍ਹਾ ਆਗੂ ਹਰਮੀਤ ਸਿੰਘ ਡੇਕਵਾਲਾ, ਸਰੂਪ ਸਿੰਘ ਨੇ ਜੰਗਲਾਤ ਵਰਕਰਾਂ ਦੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਸੂਬਾ ਵਿੱਤ ਸਕੱਤਰ ਸ਼ਿਵ ਕੁਮਾਰ ਅਤੇ ਰੇਂਜ ਸਕੱਤਰ ਕੁਲੀਦਪ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਵਣ ਮੰਡਲ ਦਫ਼ਤਰ ਵਿਖੇ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਰੋਪੜ ਮੰਡਲ ਦੇ ਪ੍ਰਧਾਨ ਰਵੀਕਾਂਤ ਅਤੇ ਸੂਬਾ ਵਿੱਤ ਸਕੱਤਰ ਸ਼ਿਵ ਕੁਮਾਰ ਨੇ ਕਿਹਾ ਕਿ ਜੰਗਲਾਤ ਵਰਕਰਾਂ ਦੀਆਂ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ, ਜਿਸ ਕਾਰਨ ਵਰਕਰਾਂ ਨੂੰ ਘਰਾਂ ਦਾ ਗੁਜਾਰਾ ਕਰਨਾ ਵੀ ਅੌਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਪੱਕੇ ਕਰਨ ਲਈ ਵਿਭਾਗ ਵੱਲੋਂ 2 ਸਾਲ ਪਹਿਲਾਂ ਮੈਡੀਕਲ ਵੀ ਕੀਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਵਰਕਰਾਂ ਵਿਚ ਪੱਕਾ ਕਰਨ ਲਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਲਟਾ ਵਿਭਾਗ ਵਿਚ ਕੰਮ ਦੀ ਆਕਾਰ ਘਟਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸੂਬਾ ਪ੍ਰਧਾਨ ਅਮਰੀਕ ਸਿੰਘ, ਮੰਡਲ ਗੜ੍ਹਸ਼ੰਕਰ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਅਤੇ ਦਲੀਪ ਚੰਦ ਰੋਪੜ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੱਕੇ ਬੇਲਦਾਰਾਂ ਦਾ ਕੱਟਿਆ ਸੀਪੀਐਫ ਵਾਪਸ ਕਰਨ, ਵਿਭਾਗ ਵਿਚ ਵਰਕਰਾਂ ਦੀ ਛਾਂਟੀ ਬੰਦ ਕਰਨ, ਹਰ ਵਰਕਰ ਦਾ ਈਪੀਐੱਫ ਅਤੇ ਈਐੱਸਆਈ ਫੰਡ ਕੱਟਣ ਦੀ ਮੰਗ ਕੀਤੀ। ਇਸ ਮੌਕੇ ਨਿਰਮਲ ਸਿੰਘ, ਦਲੀਪ ਚੰਦ, ਰਵੀਕਾਂਤ, ਸੁਰਜੀਤ ਸਿੰਘ, ਬਲਰਾਮ ਸਿੰਘ ਆਦਿ ਮੌਜੂਦ ਸਨ।