ਸਰਬਜੀਤ ਸਿੰਘ, ਰੂਪਨਗਰ

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕਾਲੇ ਚੋਲੇ ਪਾ ਕੇ ਰੋਪੜ ਡਿੱਪੂ ਦੇ ਅੱਗੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਪ੍ਰਦਰਸ਼ਨ ਪਨਬੱਸ ਮੁਲਾਜ਼ਮਾਂ ਦੀਆ ਤਨਖ਼ਾਹ ਵਿੱਚ 25 ਫੀਸਦੀ ਕੱਟ ਖ਼ਿਲਾਫ਼ ਅਤੇ ਹੋਰ ਮੰਗਾਂ ਨੂੰ ਲੈ ਕੇ ਕੀਤਾ ਗਿਆ ਹੈ। ਇਸ ਮੌਕੇ ਗੇਟ ਰੈਲੀ ਦੌਰਾਨ ਚੇਅਰਮੈਨ ਸੂਬਾ ਪ੍ਰਰੈਸ ਸਕੱਤਰ ਗੁਰਪ੍ਰਰੀਤ ਸਿੰਘ, ਡਿੱਪੂ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਠੇਕਾ ਕਰਮਚਾਰੀਆਂ ਅਤੇ ਵਰਕਸ਼ਾਪ ਸਟਾਫ ਦੀ ਤਨਖਾਹ ਵਿਚੋਂ 25 ਫੀਸਦੀ ਕਟੌਤੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜਦੋਂ ਕਿ ਸਮੂਹ ਪਨਬੱਸ ਮੁਲਾਜ਼ਮਾਂ ਵੱਲੋਂ ਕੋਰੋਨਾ ਮਹਾਮਾਰੀ ਵਿੱਚ ਆਪਣੀ ਜਾਨ ਜ਼ੋਖਿਮ ਵਿਚ ਪਾ ਕੇ ਸਖ਼ਤ ਡਿਊਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਜਾਂ ਵੱਧ ਤਨਖਾਹਾਂ ਦੇਣ ਦੀ ਬਜਾਏ ਅੱਜ ਇੱਕ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਦਿਆਂ ਪਨਬੱਸ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ 25%ਕੱਟ ਲਗਾਉਣ ਦਾ ਪੱਤਰ ਜਾਰੀ ਕੀਤਾ ਹੈ। ਇਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਅਤੇ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਇਹ ਫੈਸਲਾ ਤਰੁੰਤ ਵਾਪਿਸ ਲਿਆ ਜਾਵੇ। ਇਸ ਮੌਕੇ ਚੇਅਰਮੈਨ ਜੋਗਿੰਦਰ ਸਿੰਘ, ਸਤਵਿੰਦਰ ਸਿੰਘ, ਬਹਾਦਰ ਸਿੰਘ, ਜਤਿੰਦਰ ਸਿੰਘ, ਕੈਸ਼ੀਅਰ ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਜਗਦੀਪ ਸਿੰਘ ਨੇ ਕਿਹਾ ਕਿ 10 ਹਜ਼ਾਰ ਤੋਂ 12 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਲੈ ਕੇ ਕੋਰੋਨਾ ਮਹਾਮਾਰੀ ਵਿੱਚ ਐਂਬੂਲੈਂਸਾਂ ਅਤੇ ਰੂਟਾਂ ਤੇ ਲੋਕਾਂ ਨੂੰ ਸਹੂਲਤਾਂ ਦਿੰਦੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾ(ਡਿਊਟੀ) ਕਰਨ ਵਾਲਿਆਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ 25% ਕੱਟ ਲਾਉਣਾ ਆਦਿ ਮਾਰੂ ਪੱਤਰ ਜਾਰੀ ਕਰ ਰਹੀ ਹੈ ਇਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਸ਼ਿਵ ਕੁਮਾਰ ਨੇ ਕਿਹਾ ਕਿ ਜੇਕਰ ਸਾਡੀ ਤਨਖਾਹ ਵਿਚੋਂ ਨਾਜਾਇਜ਼ ਕਟੌਤੀ ਕੀਤੀ ਗਈ ਤਾਂ 11 ਅਗਸਤ ਨੂੰ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਅਤੇ ਭਿ੍ਸ਼ਟ ਅਫਸਰਾਂ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵੀ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਦੋਂ ਕਿ ਉਹ ਕੋਰੋਨਾ ਮਹਾਮਾਰੀ ਦੌਰਾਨ ਪੂਰੀ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ।