ਜੋਗਿੰਦਰ ਰਾਣਾ, ਸ੍ਰੀ ਕੀਰਤਪੁਰ ਸਾਹਿਬ

ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਕਸਬਾ ਪਿੰਡ ਦਬੂੜ ਲੋਹੰਡ ਖੱਡ ਵਿਖੇ ਮਾਈਨਿੰਗ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਮਾਈਨਿੰਗ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਪਿਆ, ਇਸ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸ ਸਬੰਧੀ ਪਿੰਡ ਦਬੂੜ, ਦੇਹਣੀ, ਉੱਪਰਲਾ ਦਬੂੜ, ਰਾਮਪੁਰ ਲੋਹੰਡ ਖੱਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵੱਲੋਂ ਸਾਡੀਆਂ ਜ਼ਮੀਨਾਂ ਨੂੰ ਬੂਰੀ ਤਰ੍ਹਾਂ ਖੋਰਾ ਲਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਪਿੰਡ ਵਾਸੀਆਂ ਵਿਚ ਨਿਰਾਸ਼ਾ ਦਾ ਆਲਮ ਹੈ। ਉਕਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਮਾਈਨਿੰਗ ਵਿਭਾਗ ਪੰਜਾਬ ਇਨ੍ਹਾਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਕੋਈ ਕਾਰਵਾਈ ਕਰਨ ਆਉਂਦਾ ਹੈ ਤਾਂ ਇਹ ਲੋਕ ਆਪਣੀਆਂ ਗੱਡੀਆਂ ਤੇ ਮਸ਼ੀਨਾਂ ਲੈ ਕੇ ਹਿਮਾਚਲ ਪ੍ਰਦੇਸ਼ ਵੱਲ ਭੱਜ ਜਾਂਦੇ ਹਨ। ਜੇਕਰ ਹਿਮਾਚਲ ਪ੍ਰਦੇਸ਼ ਦੀ ਮਾਈਨਿੰਗ ਟੀਮ ਆਵੇ ਤਾਂ ਇਹ ਲੋਕ ਪੰਜਾਬ ਦੇ ਖੇਤਰ ਵਿੱਚ ਲੁਕ ਜਾਂਦੇ ਹਨ ਇਸੇ ਕਾਰਨ ਇਨ੍ਹਾਂ ਦਾ ਗੋਰਖ ਧੰਦਾ ਦਿਨ ਰਾਤ ਜ਼ੋਰਾਂ ਨਾਲ ਚੱਲ ਰਿਹਾ ਹੈ ਉਕਤ ਪਿੰਡ ਵਾਸੀਆਂ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਹੋ ਸਕਦਾ ਹੈ ਕਿ ਮਾਈਨਿੰਗ ਵਿਭਾਗ ਦੀ ਮਿਲੀ ਭੁਗਤ ਨਾਲ ਹੀ ਇਹ ਕੰਮ ਹੋ ਰਿਹਾ ਹੋਵੇ। ਪਿੰਡ ਦੇਹਣੀ ਦੇ ਸਰਪੰਚ ਜਸਵੰਤ ਸਿੰਘ ਦਾ ਕਹਿਣਾ ਹੈ ਕੀ ਨਾਜਾਇਜ਼ ਮਾਈਨਿੰਗ ਵਾਲਿਆਂ ਵੱਲੋਂ ਹਿਮਾਚਲ ਦੀ ਆੜ ਵਿਚ ਸਾਡੇ ਪਿੰਡਾਂ ਦੀ ਸਾਰੀ ਜ਼ਮੀਨ ਪੁੱਟ ਦਿੱਤੀ ਹੈ ਤੇ ਹਿਮਾਚਲ ਪ੍ਰਸ਼ਾਸਨ ਇਨ੍ਹਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਹਿਮਾਚਲ ਪ੍ਰਸ਼ਾਸਨ ਅਤੇ ਪੰਜਾਬ ਪ੍ਰਸ਼ਾਸਨ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਜੇਕਰ ਨਾਜਾਇਜ਼ ਮਾਈਨਿੰਗ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਸਮੂਹਿਕ ਪਿੰਡ ਵਾਸੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰਾਂਗੇ ਤੇ ਇਸ ਸਬੰਧੀ ਰੋਸ ਪ੍ਰਦਰਸ਼ਨ ਵੀ ਕਰਾਂਗੇ। ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਕਾਲੀਆ ਦਲੇਰ ਸਿੰਘ ਪੰਚ ਇੰਦਰਪਾਲ ਸਿੰਘ ਕੁਲਦੀਪ ਕਾਲੀਆ ਪੰਚ ਧਰਮਪਾਲ ਸਿੰਘ ਭਾਗੋ ਦੇਵੀ ਪੰਚ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ। ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਐਕਸ਼ਨ ਦਮਨਦੀਪ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੀ ਉਹ ਜਲਦ ਹੀ ਆਪਣੀ ਮਾਈਨਿੰਗ ਟੀਮ ਉਕਤ ਥਾਵਾਂ ਉੱਤੇ ਭੇਜ ਰਹੇ ਹਨ ਤੇ ਜਿਹੜੇ ਵੀ ਲੋਕ ਮਾਈਨਿੰਗ ਦਾ ਕੰਮ ਕਰ ਰਹੇ ਹਨ ਉਨ੍ਹਾਂ ਵਿਰੁੱਧ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।