ਜੇਐੱਨਐੱਨ, ਅੰਮਿ੍ਤਸਰ : ਸਾਂਝੇ ਕਾਰੋਬਾਰ 'ਚ ਹੇਰਾਫੇਰੀ ਕਰਨ ਤੋਂ ਰੋਕਣ 'ਤੇ ਛੋਟੇ ਭਰਾ ਵਲੋਂ ਵੱਡੇ ਭਰਾ 'ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਥਾਣਾ ਲੋਪੋਕੇ ਵਲੋਂ ਹੱਤਿਆ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਪਿੰਡ ਸਾਰੰਗੜਾ ਵਾਸੀ ਬਲਗੇਰ ਸਿੰਘ ਦੱਸੀ ਗਈ ਹੈ। ਇਸ ਸਬੰਧੀ ਪੀੜਤ ਸੱਜਣ ਸਿੰਘ ਨੇ ਪੁਲਿਸ ਥਾਣਾ ਲੋਪੋਕੇ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਬਲਗੇਰ ਸਿੰਘ ਦੇ ਨਾਲ ਅੰਮਿ੍ਤਸਰ 'ਚ ਸਾਂਝੇ ਤੌਰ ਤੇ ਕੰਮ ਕਰਦੇ ਹਨ। ਪਰ ਉਨ੍ਹਾਂ ਦੇ ਛੋਟੇ ਭਰਾ ਬਲਗੇਰ ਸਿੰਘ ਨੇ ਹਿਸਾਬ ਵਿਚ ਕੁੱਝ ਹੇਰਾਫੇਰੀ ਕੀਤੀ ਸੀ, ਜਿਸ ਨੂੰ ਲੈ ਕੇ ਉਸ ਨੇ ਆਪਣੇ ਛੋਟੇ ਭਰਾ ਨੂੰ ਿਝੜਕਿਆ ਸੀ।

ਪੀੜਤ ਮੁਤਾਬਕ ਬੀਤੇ ਦਿਨ ਉਹ ਆਪਣੇ ਭਾਣਜੇ ਗੁਰਸ਼ਰਨਜੀਤ ਸਿੰਘ ਦੇ ਨਾਲ ਘਰ ਮੌਜੂਦ ਸੀ ਕਿ ਉਨ੍ਹਾਂ ਦਾ ਛੋਟਾ ਭਰਾ ਬਲਗੇਰ ਸਿੰਘ ਸਿੱਧਾ ਘਰ ਵਿਚ ਵੜ ਆਇਆ ਤੇ ਹੱਥ ਵਿਚ ਫੜੇ 32 ਬੋਰ ਰਿਵਾਲਵਰ ਨਾਲ ਸਿੱਧੇ ਫਾਇਰ ਉਨ੍ਹਾਂ ਵੱਲ ਕੀਤੇ। ਉਨ੍ਹਾਂ ਕਮਰੇ ਵਿਚ ਲੁੱਕ ਕੇ ਆਪਣੀ ਜਾਨ ਬਚਾਈ, ਜਿਸ ਦੇ ਬਾਅਦ ਉਨ੍ਹਾਂ ਦਾ ਛੋਟੇ ਭਰਾ ਬਲਗੇਰ ਸਿੰਘ ਘਰ ਵੱਲ ਫਾਇਰ ਕਰਦੇ ਹੋਏ ਪੂਰੇ ਪਰਿਵਾਰ ਨੂੰ ਜਾਨ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਿਆ। ਲੋਪੋਕੇ ਪੁਲਿਸ ਥਾਣਾ ਜਾਂਚ ਦੇ ਅਧਿਕਾਰੀ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।