ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ, ਅਨੁਸ਼ਾਸਨਹੀਣਤਾ, ਭਿ੍ਸ਼ਟਾਚਾਰ ਅਤੇ ਮਰਿਆਦਾ ਦੀ ਉਲੰਘਣਾ ਨੂੰ ਭਵਿੱਖ ਵਿਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀਆਂ ਸੱਚੀਆਂ-ਸੁੱਚੀਆਂ ਭਾਵਨਾਵਾਂ ਅਨੁਸਾਰ ਪਾਰਦਰਸ਼ੀ, ਜਵਾਬਦੇਹ ਅਤੇ ਗੁਰਮਤਿ ਮੁਤਾਬਕ ਸੁਚਾਰੂ ਪ੍ਰਬੰਧ ਦੇਣ ਲਈ ਵਚਨਬੱਧ ਹੈ। ਵੀਰਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਵੇਂ ਆਏ ਮੈਨੇਜਰ ਗੁਰਦੀਪ ਸਿੰਘ ਕੰਗ ਦੀ ਸਟਾਫ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪ੍ਰਰੈੱਸ ਨੂੰ ਜਾਰੀ ਬਿਆਨ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੇਸ਼ੱਕ ਗੁਰਦੁਆਰਾ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਹੈ ਪਰ ਸਮੇਂ-ਸਮੇਂ ਜਦੋਂ ਵੀ ਮਨੁੱਖਤਾ 'ਤੇ ਕੋਈ ਬਿਪਤਾ ਤੇ ਆਫ਼ਤ ਆਈ ਤਾਂ ਸ਼੍ਰੋਮਣੀ ਕਮੇਟੀ ਨੇ ਅੱਗੇ ਹੋ ਕੇ ਰਾਹਤ ਕਾਰਜਾਂ ਵਿਚ ਭੂਮਿਕਾ ਨਿਭਾਈ ਹੈ।

ਕੋਰੋਨਾ ਵਾਇਰਸ ਦੌਰਾਨ ਤਾਲਾਬੰਦੀ ਦੇ ਹਾਲਾਤ ਵਿਚ ਸ਼੍ਰੋਮਣੀ ਕਮੇਟੀ ਨੇ ਲੱਖਾਂ ਲੋੜਵੰਦ ਲੋਕਾਂ ਤਕ ਲੰਗਰ ਪਹੁੰਚਾਉਣ ਦੀ ਜੋ ਭੂਮਿਕਾ ਨਿਭਾਈ ਉਸ ਦੀ ਪ੍ਰਸੰਸਾ ਵਿਸ਼ਵ ਪੱਧਰ ਤਕ ਹੋਈ ਹੈ ਪਰ ਪਿਛਲੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੁਝ ਮੁਲਾਜ਼ਮਾਂ ਦੀ ਅਨੈਤਿਕ ਕਾਰਵਾਈ ਗੁਰਦੁਆਰਾ ਪ੍ਰਬੰਧਾਂ ਦੀ ਬਦਨਾਮੀ ਦਾ ਕਾਰਨ ਬਣੀ ਜੋ ਕਿ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਹਰੇਕ ਤਰ੍ਹਾਂ ਦੇ ਸੁਚਾਰੂ ਪ੍ਰਬੰਧ ਚਲਾਉਣ ਲਈ ਬੜੇ ਢੁੱਕਵੇਂ ਤੇ ਕਾਰਗਰ ਸੇਵਾ ਨਿਯਮ ਮੌਜੂਦ ਹਨ ਪਰ ਫਿਰ ਵੀ ਸਮਾਜ ਵਿਚਲੀਆਂ ਮਾੜੀਆਂ-ਚੰਗੀਆਂ ਮਨੋਬਿਰਤੀਆਂ ਦੇ ਪ੍ਰਭਾਵ ਤੋਂ ਕੋਈ ਵੀ ਸੰਸਥਾ ਬਿਲਕੁਲ ਬਚੀ ਨਹੀਂ ਰਹਿ ਸਕਦੀ। ਉਨ੍ਹਾਂ ਸਪਸ਼ਟ ਕੀਤਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਪ੍ਰਬੰਧ ਦੀ ਬਦਨਾਮੀ ਦਾ ਕਾਰਨ ਬਣੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੁਣ ਤਕ ਪੜਤਾਲੀਆ ਰਿਪੋਰਟ ਅਨੁਸਾਰ ਲਗਪਗ 50 ਹਜ਼ਾਰ 600 ਰੁਪਏ ਦੀ ਬੇਨਿਯਮੀ ਸਾਹਮਣੇ ਆਈ ਹੈ, ਜਦੋਂਕਿ ਵਿਸਥਾਰਿਤ ਜਾਂਚ ਅਜੇ ਜਾਰੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਾਰੇ ਪਹਿਲੂਆਂ ਤੋਂ ਵਿਸਥਾਰਤ ਪੜਤਾਲ ਮਗਰੋਂ ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਅਨੁਸਾਰ ਦੋਸ਼ੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਦੀ ਮਦਦ ਕਰਨ ਵਾਲੇ ਅਨਸਰਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਤਾਂ ਜੋ ਭਵਿੱਖ ਵਿਚ ਕੋਈ ਵੀ ਕਰਮਚਾਰੀ ਇਹੋ ਜਿਹੀ ਬੇਨਿਯਮੀ ਕਰਨ ਬਾਰੇ ਸੋਚ ਵੀ ਨਾ ਸਕੇ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਲਾਜ਼ਮਾਂ ਨਾਲ ਮੀਟਿੰਗ ਦੌਰਾਨ ਸਖਤ ਲਹਿਜ਼ੇ ਵਿਚ ਚਿਤਾਵਨੀ ਵੀ ਦਿੱਤੀ ਕਿ ਸਾਰੇ ਮੁਲਾਜ਼ਮ ਸੇਵਾ ਨਿਯਮਾਂ ਅਤੇ ਮਰਿਆਦਾ ਵਿਚ ਰਹਿ ਕੇ ਡਿਊਟੀ ਕਰਨ ਦੇ ਪਾਬੰਦ ਬਣ ਜਾਣ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸਾਹਿਬ ਦੇ ਨਵੇਂ ਆਏ ਮੈਨੇਜਰ ਗੁਰਦੀਪ ਸਿੰਘ ਕੰਗ, ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੀਤ ਮੈਨੇਜਰ ਮਲਕੀਤ ਸਿੰਘ, ਮੈਨੇਜਰ ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।