ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਜਾਗੋ' ਕੱਢੀ ਗਈ। ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਰਾਤ ਨੂੰ ਜਾਗੋ ਮਾਰਚ ਕੱਢਦੇ ਹੋਏ ਭਗਤ ਰਵਿਦਾਸ ਚੌਕ ਵਿਖੇ ਸਮਾਪਤ ਕਰ ਕੇ ਸਰਕਾਰ ਤੋਂ ਮੰਗ ਕੀਤੀ ਕਿ “ਵੈੱਲਫੇਅਰ ਐਕਟ 2016“ ਨੂੰ ਇੰਨ-ਬਿੰਨ ਲਾਗੂ ਕਰ ਕੇ ਪੰਜਾਬ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ 'ਚ ਰੈਗੂਲਰ ਕੀਤਾ ਜਾਵੇ ਅਤੇ ਐਕਟ ਤੋਂ ਬਾਹਰ ਰੱਖੀਆਂ ਕੈਟਾਗਰੀਆਂ ਨੂੰ ਐਕਟ 'ਚ ਸ਼ਾਮਿਲ ਕੀਤਾ ਜਾਵੇ। ਇਸ ਬਾਰੇ ਜਾਣਕਾਰੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਇਕਾਈ ਰੋਪੜ ਦੇ ਆਗੂ ਜਸਵੀਰ ਸਿੰਘ ਜਿੰਦਵੜੀ, ਮੱਖਣ ਕਾਲਸ, ਕਪਿਲ ਮਹਿੰੰਦਲੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਕਰਨੈਲ ਸਿੰਘ ਰੱਕੜ, ਤਰਸੇਮ ਲਾਲ, ਮੰਗਤ ਰਾਮ, ਪਵਨ ਕੁਮਾਰ ਮੀਟਰ ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 'ਦਿ ਪੰਜਾਬ ਐਡਹਾਕ, ਕੰਟਰੈਕਟ, ਡੇਲੀਵੇਜ, ਟੈਂਪਰੇਰੀ, ਆਊਟਸੌਰਸਿੰਗ ਅਤੇ ਇੰਪਲਾਈਜ਼ ਵੈੱਲਫੇਅਰ ਐਕਟ 2016' ਬਣਾਇਆ ਸੀ ਪਰ

ਕੈਪਟਨ ਸਰਕਾਰ ਉਸ ਐਕਟ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲਾ ਵੱਟਣ ਦੇ ਨਾਲ-ਨਾਲ ਵੈੱਲਫੇਅਰ ਐਕਟ 2016 ਨੂੰ ਤੋੜ ਕੇ ਐਕਟ ਵਿਚ ਸ਼ਾਮਲ ਵੱਡੀ ਗਿਣਤੀ ਦੀਆਂ ਸ਼੍ਰੇਣੀਆਂ ਜਿਵੇਂ ਕਿ ਆਉਟਸੌਰਸਿੰਗ, ਭਰਤੀ ਕਰਨਾ ਅਤੇ ਠੇਕਾ ਪ੍ਰਣਾਲੀ ਆਦਿ ਨੂੰ ਐਕਟ ਤੋਂ ਬਾਹਰ ਕਰਨ ਵਾਲੇ ਪਾਸੇ ਤੁਰੀ ਹੋਈ ਹੈ ਜਦੋਂ ਕਿ ਸਰਕਾਰੀ ਥਰਮਲ ਪਲਾਂਟਾਂ, ਜਲ ਸਪਲਾਈ, ਪਾਵਰਕਾਮ ਜ਼ੋਨ ਬਠਿੰਡਾ, ਪਾਵਰਕਾਮ ਅਤੇ ਟ੍ਰਾਸਕੋ ਆਦਿ ਸਰਕਾਰੀ ਅਦਾਰਿਆਂ 'ਚ ਠੇਕਾ ਪ੍ਰਣਾਲੀ ਤਹਿਤ ਵੱਡੀ ਗਿਣਤੀ 'ਚ ਕੱਚੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਮੂਹ ਅਦਾਰਿਆਂ 'ਚੋਂ ਕੱਚੇ ਮੁਲਾਜ਼ਮਾਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਤੁਰੰਤ ਬੰਦ ਕੀਤੀਆਂ ਜਾਣ, ਸਮੂਹ ਸਰਕਾਰੀ ਅਦਾਰਿਆਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਬੰਦ ਕੀਤਾ ਜਾਵੇ।

ਇਸ ਮੌਕੇ ਸੁਰਿੰਦਰ ਕੁਮਾਰ ਬ੍ਰਾਂਚ ਪ੍ਰਧਾਨ ਨੰਗਲ ਜਸਪਾਲ ਬੱਬਾ ਪ੍ਰਧਾਨ ਨੂਰਪੁਰ ਬੇਦੀ, ਸੋਨੂੰ ਕੁਮਾਰ ਗੁਰਜੀਤ ਸਿੰਘ,

ਪੱਪੂ ਸਹੋਤਾ, ਸਤਨਾਮ ਸਿੰਘ, ਸੁਰਿੰਦਰ ਕੁਮਾਰ, ਤਰਸੇਮ ਸਿੰਘ, ਗੁਰਜੀਤ ਸਿੰਘ, ਅਰਜਨ ਸਿੰਘ, ਪਰਮਜੀਤ ਸਿੰਘ, ਪਵਨ ਕੁਮਾਰ, ਓਮ ਪ੍ਰਕਾਸ਼, ਸੁਰਿੰਦਰ ਕੁਮਾਰ. ਹਰਮਨ ਸਿੰਘ ਰਘਵੀਰ ਸਿੰਘ, ਵਰਿਆਮ ਸਿੰਘ, ਸ਼ੰਕਰ ਦਾਸ ਆਦਿ ਹਾਜ਼ਰ ਹੋਏ।

Posted By: Seema Anand