ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਡੀਟੀਐੱਫ ਨਿਹਾਲ ਸਿੰਘ ਵਾਲ਼ਾ ਨੇ ਸੰਯੁਕਤ ਅਧਿਆਪਕ ਫਰੰਟ ਦੇ ਝੰਡੇ ਹੇਠ 31 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਹੋ ਰਹੀ ਮਹਾਂਰੈਲੀ 'ਚ ਸਮੂਹ ਅਧਿਆਪਕ ਵਰਗ ਨੂੰ ਵੱਡੀ ਗਿਣਤੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਅਧਿਆਪਕ ਆਗੂ ਅਮਨਦੀਪ ਮਾਛੀਕੇ, ਹੀਰਾ ਸਿੰਘ ਢਿੱਲੋਂ, ਜਸਵੀਰ ਸੈਦੋਕੇ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਅਧਿਆਪਕ/ਮੁਲਾਜ਼ਮ ਪੱਖੀ ਸੋਧਾਂ ਲਾਗੂ ਕਰਾਉਣ ਲਈ ਵੱਡੇ ਹੰਭਲੇ ਦੀ ਲੋੜ ਹੈ। ਉਹਨਾਂ ਮੰਗ ਕੀਤੀ ਕਿ ਜਨਵਰੀ 2016 ਤੋਂ ਬਾਅਦ ਭਰਤੀ/ਰੈਗੂਲਰ ਅਤੇ ਪ੍ਰਮੋਟ ਹੋਏ ਅਧਿਆਪਕਾਂ ਨੂੰ ਬਾਕੀ ਮੁਲਾਜ਼ਮਾਂ ਦੀ ਤਰਜ਼ 'ਤੇ ਤਨਖਾਹ ਕਮਿਸ਼ਨ ਦੇ ਲਾਭ ਲਾਗੂ ਕੀਤੇ ਜਾਣ। 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਕਰਾਰ ਦਿੰਦੇ ਹੋਏ ਪਹਿਲਾਂ ਵਾਂਗ ਪੀਰੀਅਡ ਦਿੱਤੇ ਜਾਣ। ਨਵੀਂ ਭਰਤੀ ਤਹਿਤ ਅਧਿਆਪਕਾਂ ਦੇ ਕੇਂਦਰੀ ਪੈਟਰਨ ਪੇ ਸਕੇਲ ਵਾਪਸ ਲੈ ਕੇ ਪੰਜਾਬ ਦੇ ਪੁਰਾਣੇ ਪੇ ਸਕੇਲ ਲਾਗੂ ਕੀਤੇ ਜਾਣ। ਕੰਪਿਊਟਰ ਅਧਿਆਪਕਾਂ ਸਮੇਤ ਸਮੂਹ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਸਮੂਹ ਅਧਿਆਪਕਾਂ ਦੀ ਰੁਕੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ। ਅਧਿਆਪਕ ਆਗੂਆਂ ਜੱਸੀ ਹਿੰਮਤਪੁਰਾ ਅਤੇ ਸੁਖਜੀਤ ਕੁੱਸਾ ਨੇ ਕਿਹਾ ਚੰਨੀ ਦਾ ਮੁੱਖ ਮੰਤਰੀ ਬਣਨਾ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਪੈਕ ਕਰਨ ਤੋਂ ਵੱਧ ਹੋਰ ਕੁੱਝ ਵੀ ਨਹੀਂਂ। ਦਰਅਸਲ ਕਾਂਗਰਸ ਸਰਕਾਰ ਅਧਿਆਪਕ ਮਾਰੂ ਨੀਤੀਆਂ ਲਾਗੂ ਕਰਨ 'ਤੇ ਤੁਲੀ ਹੋਈ ਹੈ ਜਿਸਦਾ ਕਿ 31 ਅਕਤੂਬਰ ਨੂੰ ਠੋਕਵਾਂ ਜਵਾਬ ਦਿੱਤਾ ਜਾਵੇਗਾ।

ਇਸ ਮੌਕੇ ਨਵਦੀਪ ਸਿੰਘ, ਗੁਰਚਰਨ ਸਿੰਘ, ਦਲਜਿੰਦਰ ਸਿੰਘ, ਸੁਨੀਲ ਕੁਮਾਰ ਅਤੇ ਰਾਮ ਅਵਤਾਰ ਸਿੰਘ ਹਾਜ਼ਰ ਸਨ।

Posted By: Ramandeep Kaur