ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਬੀਤੇ ਦਿਨੀਂ ਭਾਰਤੀ ਰਿਜ਼ਰਵ ਬੈਂਕ ਵਲੋਂ ਨਜ਼ਦੀਕੀ ਪਿੰਡ ਦੜੌਲੀ ਅਪਰ ਵਿਖੇ ਵਿਸ਼ਾਲ ਵਿੱਤੀ ਸਾਖਰਤਾ ਕੈਂਪ ਲਾਇਆ ਗਿਆ, ਜਿਸ ਦਾ ਉਦੇਸ਼ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨਾ, ਬੈਂਕ ਯੋਜਨਾਵਾਂ ਬਾਰੇ ਜਾਗਰੂਕ ਕਰਨਾ, ਡਿਜ਼ੀਟਲ ਬੈਂਕਿੰਗ ਪ੍ਰਤੀ ਪ੍ਰੇਰਿਤ ਕਰਨਾ ਤੇ ਬੈਂਕਾਂ ਦੇ ਨਾਮ ਥੱਲੇ ਹੋ ਰਹੇ ਠੱਗੀ ਧੋਖਾਧੜੀ ਅਤੇ ਫਰਾਡ ਬਾਰੇ ਸੁਚੇਤ ਕਰਨਾ ਸੀ। ਸੁਸ਼ੀਲ ਕੁਮਾਰ ਸ਼ਰਮਾ ਚੀਫ ਲੀਡ ਡਿਸਟਿ੍ਰਕਟ ਮੈਨੇਜਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਇਸ ਦੂਰ ਦਰਾਜ ਦੇ ਪਿੰਡ ਵਿਚ ਕੈਂਪ ਲਗਾਉਣ ਤੇ ਰਿਜ਼ਰਵ ਬੈਂਕ ਦਾ ਧੰਨਵਾਦ ਕੀਤਾ। ਭਾਰੀ ਗਿਣਤੀ ਵਿਚ ਇਕੱਤਰ ਹੋਏ ਲੋਕਾਂ ਨੂੰ ਮੈਡਮ ਰਚਨਾ ਦੀਕਸ਼ਿਤ ਰਿਜਨਲ ਡਾਇਰੈਕਟਰ ਰਿਜਰਵ ਬੈਂਕ ਆਫ ਇੰਡੀਆਂ ਚੰਡੀਗੜ੍ਹ ਨੇ ਛੋਟੀਆਂ ਬੱਚਤਾਂ ਬਾਰੇ ਦੱਸਦਿਆਂ ਖਾਤੇ ਬੈਂਕਾਂ ਵਿਚ ਖੋਲ੍ਹਣ ਲਈ ਪ੍ਰੇਰਿਆ ਅਤੇ ਖਾਤੇ ਚਾਲੂ ਰੱਖਣ ਦੇ ਲਾਭ ਦੱਸੇ। ਉਨ੍ਹਾਂ ਕਿਹਾ ਕਿ ਕਰਜ਼ਾ ਸਕੀਮਾਂ ਦਾ ਤਾਂ ਹੀ ਫਾਇਦਾ ਹੈ ਜੇਕਰ ਇਸ ਦਾ ਸਹੀ ਇਸਤੇਮਾਲ ਕੀਤਾ ਜਾਵੇ ਅਤੇ ਸਮੇਂ ਸਿਰ ਕਿਸ਼ਤ ਦੀ ਵਾਪਸੀ ਕੀਤੀ ਜਾਵੇ। ਆਰਬੀਆਈ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਯਾਦਵ ਨੇ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਅਤੇ ਸ਼ਾਤਰ ਲੋਕਾਂ ਵਲੋਂ ਠੱਗੀ ਮਾਰਨ ਦੇ ਮਨਸ਼ੇ ਨਾਲ ਬੈਂਕ ਦਾ ਨਾਮ ਲੈ ਕੇ ਖਾਤਾ ਏਟੀਐੱਮ ਪਿੰਨ ਨੰਬਰ ਅਤੇ ਹੋਰ ਗੁਪਤ ਜਾਣਕਾਰੀ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਸੂਰਤ ਵਿਚ ਇਹ ਅਹਿਮ ਜਾਣਕਾਰੀ ਸਾਂਝੀ ਨਾ ਕਰਨ ਲਈ ਕਿਹਾ। ਬਹੁਤ ਹੀ ਘੱਟ ਸਮੇਂ ਵਿਚ ਰਕਮ ਦੁੱਗਣੀ ਕਰਨ ਦੇ ਲਾਲਚ ਦੇ ਕੇ ਰਕਮਾਂ ਬਟੋਰਨ ਵਾਲਿਆਂ ਤੋਂ ਵੀ ਸਾਵਧਾਨ ਕੀਤਾ ਉਨ੍ਹਾਂ ਨੇ ਬੈਂਕਿੰਗ ਲੋਕਪਾਲ ਯੋਜਨਾ ਬਾਰੇ ਵੀ ਦੱਸਿਆ।

ਜੇਪੀਐਸ ਬਿੰਦਰਾ ਸੀਜੀਅੱੈਮ ਨਬਾਰਡ ਨੇ ਕਿਸਾਨਾਂ ਵਾਸਤੇ ਚੱਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਦੱਸਦਿਆਂ ਫਾਰਸਰਜ਼ ਉਤਪਾਦਕ ਕੰਪਨੀ ਵਿਸ਼ੇ 'ਤੇ ਵਿਸਥਾਰ ਸਹਿਤ ਚਾਨ੍ਹਣਾ ਪਾਇਆ। ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸੰਜੀਵ ਕੁਮਾਰ ਦੁੂਬੇ ਨੇ ਵੀ ਸੁਰੱਖਿਅਤ ਬੈਂਕਿੰਗ ਬਾਰੇ ਟਿਪਸ ਦਿੱਤੇ। ਯੂਕੋ ਬੈਂਕ ਦੇ ਜ਼ੋਨਲ ਮੈਨੇਜਰ ਕਮਿਲ ਸੇਠ ਡੀਜੀਐਮ ਨੇ ਬੈਂਕ ਦੇ ਡਿਜ਼ੀਟਲ ਉਤਪਾਦਾਂ ਜਿਵੇਂ ਕੀ ਮੋਬਾਈਲ ਬੈਂਕਿੰਗ ਨੱੈਟ ਬੈਂਕਿੰਗ ਅਤੇ ਹੋਰ ਪੇਮੈਂਟ ਐਪਸ ਬਾਰੇ ਦੱਸਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਬਜੀਤ ਕੌਰ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਬੈਂਕਾਂ ਦਾ ਨਾਮ ਵਰਤ ਕੇ ਧੋਖਾਧੜੀ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ ਅਤੇ ਗ੍ਰਾਹਕਾਂ ਨੂੰ ਏਟੀਅੱੈਮ ਦੀ ਸੁਰੱਖਿਅਤ ਵਰਤੋਂ ਅਤੇ ਹੋਰ ਸਾਵਧਾਨੀਆਂ ਬਾਰੇ ਸਿਖਿਅਤ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਯੂਕੋ ਬੈਂਕ ਦੇ ਵਿੱਤੀ ਸਾਖਰਤਾ ਕੇਂਦਰ ਰੂਪਨਗਰ ਆਰਸੇਟੀ, ਬੈਂਕ ਮਿਤਰ, ਸੈਲਫ ਹੈਲਪ ਗਰੁੱਪਾਂ ਵਲੋਂ ਆਪਣੀਆਂ ਗਤੀਵਿਧੀਆਂ ਸਬੰਧੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਮੈਡਮ ਰਚਨਾ ਦਿਕਸ਼ਿਤ ਆਨੇ ਲੋਕਾਂ ਵਲੋਂ ਪੁੱਛੇ ਪ੍ਰਸ਼ਨਾਂ ਦਾ ਵਿਸਥਾਰ ਸਹਿਤ ਜਵਾਬ ਦਿੱਤੇ। ਸਰਪੰਚ ਪਿਆਰੇ ਲਾਲ ਜਸਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲੋਕਾਂ ਦੀ ਜਾਣਕਾਰੀ ਵਿਚ ਵਾਧਾ ਕਰਦੇ ਹਨ ਤੇ ਉਨ੍ਹਾਂ ਦਾ ਆਤਮ ਵਿਸ਼ਵਾਸ਼ ਵਧਾਉਂਦੇ ਹਨ। ਇਸ ਮੌਕੇ ਨਾਬਾਰਡ ਦੇ ਡੀਡੀਐੱਮ, ਰਿਜ਼ਰਵ ਬੈਂਕ ਦੇ ਏਜੀਐੱਮ ਤੇ ਪੰਜਾਬ ਗ੍ਰਾਮੀਣ ਬੈਂਕ ਦੇ ਰਿਜ਼ਨਲ ਮੈਨੇਜਰ ਹਾਜ਼ਰ ਸਨ।