ਗੁਰਦੀਪ ਭੱਲੜੀ, ਨੰਗਲ : ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚ ਸਿਲਟ ਦੀ ਮਾਤਰਾ ਵਧਣ ਨਾਲ ਭਵਿੱਖ 'ਚ ਜਿਥੇ ਬਿਜਲੀ ਉਤਪਾਦਨ ਘਟਣ ਦੀ ਸੰਭਾਵਨਾ ਹੈ, ਉੱਥੇ ਉੱਤਰੀ ਭਾਰਤ ਦੀ ਜੀਵਨ ਰੇਖਾ ਕਹੇ ਜਾਣ ਵਾਲੇ ਇਸ ਡੈਮ 'ਚ ਪਾਣੀ ਘੱਟ ਜਾਣ ਨਾਲ ਸੰਭੀਰ ਸੰਕਟ ਪੈਦਾ ਹੋ ਸਕਦਾ ਹੈ।

ਇਸ ਸੰਭਾਵਿਤ ਖਤਰੇ ਦੇ ਸਬੰਧ 'ਚ ਸੋਮਵਾਰ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਇੰਜੀਨੀਅਰ ਸੰਜੇ ਸ੍ਰੀਵਾਸਤਵ ਨੇ ਉੱਚ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਭਾਖੜਾ ਡੈਮ ਦਾ ਦੌਰਾ ਕੀਤਾ। ਇਸ ਮੌਕੇ ਚੇਅਰਮੈਨ ਸੰਜੈ ਸ਼੍ਰੀਵਾਸਤਵ ਨੇ ਦੱਸਿਆ ਕਿ 68 ਕਿਲੋਮੀਟਰ ਤਕ ਫੈਲੀ ਗੋਬਿੰਦ ਸਾਗਰ ਝੀਲ 'ਚ ਕਰੀਬ 25 ਕਿਲੋਮੀਟਰ ਤਕ 200 ਤੋਂ 250 ਫੁੱਟ ਤਕ ਸਿਲਟ ਭਰ ਚੁੱਕੀ ਹੈ। ਭਾਖੜਾ ਡੈਮ 'ਚ ਵੱਧ ਰਹੀ ਸਿਲਟ ਕਾਰਨ ਭਵਿੱਖ 'ਚ ਬਿਜਲੀ ਅਤੇ ਸਿੰਚਾਈ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।

ਇਸ ਲਈ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਵਲੋਂ ਜਲਦ ਹੀ ਇਸ ਸਿਲਟ ਨੂੰ ਕੱਢਣ ਲਈ ਟੈਂਡਰ ਜਾਰੀ ਕੀਤਾ ਜਾਵੇਗਾ ਤੇ ਇਹ ਪ੍ਰਕਿਰਿਆ ਅਗਲੇ ਮਹੀਨੇ ਤਕ ਸ਼ੁਰੂ ਹੋ ਜਾਵੇਗੀ। ਇਸ ਮੌਕੇ ਭਾਖੜਾ ਡੈਮ ਇੰਜੀਨੀਅਰ ਐੱਚਐੱਸ ਚੁੱਘ ਮੈਂਬਰ ਪਾਵਰ, ਚੀਫ ਇੰਜੀਨੀਅਰ ਭਾਖੜਾ ਡੈਮ ਇੰਜੀਨੀਅਰ ਕਮਲਜੀਤ ਸਿੰਘ, ਡਿਪਟੀ ਚੀਫ ਇੰਜੀਨੀਅਰ ਇੰਜੀਨੀਅਰ ਐੱਚਐੱਲ ਕੰਬੋਜ, ਸੁਪਰਡੈਂਟਿੰਗ ਇੰਜੀਨੀਅਰ ਸੀਪੀ ਸਿੰਘ, ਸੁਪਰਡੈਂਟਿੰਗ ਇੰਜੀਨੀਅਰ ਅਰਵਿੰਦ ਸ਼ਰਮਾ, ਸੁਪਰਡੈਂਟਿੰਗ ਇੰਜੀਨੀਅਰ ਐੱਸਕੇ ਬੇਦੀ, ਇੰਜੀਨੀਅਰ ਪੀਐਸ ਕਟਾਰੀਆ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।