ਸਰਬਜੀਤ ਸਿੰਘ, ਰੂਪਨਗਰ : ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਥਰਮਲ ਯੂਨਿਟ ਰੂਪਨਗਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੂਪਨਗਰ ਸ਼ਹਿਰ ਵਿਖੇ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵਿਚ ਕੰਟਰੈਕਟਰ ਕਰਮਚਾਰੀ ਯੂਨੀਅਨ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਅਤੇ ਸੰਚਾਲਨ ਹਲਕਾ ਰੂਪਨਗਰ ਵਲੋਂ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਲ ਹੋਏ। ਰਾਮ ਲੀਲ੍ਹਾ ਗਰਾਊਂਡ ਤੋਂ ਸ਼ੁਰੂ ਹੋਇਆ, ਇਹ ਰੋਸ ਮਾਰਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬੇਲਾ ਚੌਕ, ਕਾਲਜ ਰੋਡ ਤੋਂ ਹੁੰਦਾ ਹੋਇਆ ਮਿਨੀ ਸਕੱਤਰੇਤ ਵਿਖੇ ਜਾ ਕੇ ਖਤਮ ਹੋਇਆ।

ਜਥੇਬੰਦੀ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗਾਂ ਸਬੰਧੀ ਲਿਖਿਆ ਹੋਇਆ ਮੈਮੋਰੰਡਮ ਸਤਵਿੰਦਰ ਸਿੰਘ ਨਾਇਬ ਤਹਿਸੀਲਦਾਰ ਵੱਲੋਂ ਪ੍ਰਰਾਪਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸਰਪ੍ਰਸਤ ਅਤੇ ਮੁਲਾਜ਼ਮ ਫਰੰਟ ਪੰਜਾਬ ਦੇ ਸਕੱਤਰ ਜਨਰਲ ਹਰਮੇਸ਼ ਸਿੰਘ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਨਾ ਤਾਂ ਮਹੀਨਾ ਜਨਵਰੀ 2018, ਜੁਲਾਈ 2018, ਜਨਵਰੀ 2019 ਅਤੇ ਜੁਲਾਈ 2019 ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਜਨਵਰੀ 2015 ਤੋਂ ਜੁਲਾਈ 2019 ਤੱਕ ਦੇ ਵੱਖ ਵੱਖ ਸਮਿਆਂ ਦੇ ਮਹਿੰਗਾਈ ਭੱਤੇ ਦਾ ਬਕਾਇਆ ਰਿਲੀਜ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਵਲੋਂ ਮਹੀਨਾ ਨਵੰਬਰ 2019 ਤੋਂ ਰਿਲੀਜ਼ ਕੀਤੀ ਗਈ 3% ਮਹਿੰਗਾਈ ਭੱਤੇ ਦੀ ਕਿਸ਼ਤ ਨੂੰ ਵੀ ਪੰਜਾਬ ਦੇ ਖਜ਼ਾਨੇ 'ਤੇ ਵੱਡਾ ਬੋਝ ਦੱਸਿਆ ਜਾ ਰਿਹਾ ਹੈ। ਸਰਕਾਰ ਦੇ ਪ੍ਰਸੋਨਲ ਭਾਗ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਕੇਂਦਰ ਸਰਕਾਰ ਦੀ ਤਰਜ 'ਤੇ ਨਾਲੋਂ-ਨਾਲ ਜਾਰੀ ਕਰ ਦਿੱਤੀਆਂ ਜਾਣ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਆਪਣੇ ਮੰਤਰੀ ਮੰਡਲ ਵਿਚ ਦਿਨੋ-ਦਿਨ ਵਾਧਾ ਕਰਨ ਦੇ ਨਾਲ ਨਾਲ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ ਦਾ ਖਜ਼ਾਨਾ ਆਮ ਵਰਕਰਾਂ ਲਈ ਹੀ ਖਾਲੀ ਹੈ, ਜਦ ਕਿ ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਇਹ ਖਜ਼ਾਨਾ ਭਰਿਆ ਹੋਇਆ ਹੈ।

ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਇਹ ਵਾਅਦਾ ਕੀਤਾ ਗਿਆ ਸੀ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਛੇ ਮਹੀਨੇ ਦੇ ਅੰਦਰ-ਅੰਦਰ ਲਾਗੂ ਕਰ ਦਿੱਤੀ ਜਾਵੇਗੀ। ਪ੍ਰੰਤੂ ਢਾਈ ਸਾਲ ਦਾ ਸਮਾਂ ਬੀਤਣ ਉਪਰੰਤ ਵੀ ਪਰਨਾਲਾ ਉਥੇ ਦਾ ਉਥੇ ਹੈ।ਇਸ ਰੋਸ ਮਾਰਚ ਵਿਚ ਵੇਦ ਪ੍ਰਕਾਸ਼ ਦਿਵੇਦੀ, ਕੁਲਦੀਪ ਸਿੰਘ ਮਿਨਹਾਸ, ਕਰਨੈਲ ਸਿੰਘ ਸੈਣੀ, ਭਾਗ ਚੰਦ ਸ਼ਰਮਾ, ਰਾਮ ਸਿੰਘ ਝੱਜ, ਰਾਮ ਸੰਜੀਵਨ, ਬਲਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਪੁਸ਼ਪਿੰਦਰ ਸਿੰਘ, ਸੁਰਿੰਦਰਪਾਲ, ਗੁਰਦਾਸ ਸਿੰਘ ਮੀਆਂਪੁਰ, ਅਮਰਜੀਤ ਸਿੰਘ, ਰਜਿੰਦਰ ਸਿੰਘ, ਰਾਜ ਕੁਮਾਰ ਬੱਗਾ, ਮੇਜਰ ਸਿੰਘ, ਸਤੀਸ਼ ਕੁਮਾਰ ਆਦਿ ਜਥੇਬੰਦੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਿਜਲੀ ਕਾਮੇ ਸ਼ਾਮਲ ਸਨ।