ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਮਾਈਨਿੰਗ ਵਿਭਾਗ ਵੱਲੋਂ ਆਪਣੇ ਖੇਤ 'ਚੋਂ ਮਿੱਟੀ ਪੁੱਟਣ ਵਾਲੇ ਇਕ ਕਿਸਾਨ 'ਤੇ ਪਰਚਾ ਦਰਜ ਕਰਵਾਇਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐੱਸਆਈ ਸੋਹਣ ਸਿੰਘ ਚੌਂਕੀ ਇੰਚਾਰਜ ਭਰਤਗੜ੍ਹ ਨੇ ਦੱਸਿਆ ਕਿ ਪੁਲਿਸ ਨੂੰ ਨਿਸ਼ਾਤ ਕੁਮਾਰ ਜੂਨੀਅਰ ਇੰਜੀਨੀਅਨ-ਕਮ-ਮਾਈਨਿੰਗ ਇੰਸਪੈਕਟਰ ਰੂਪਨਗਰ ਨੇ ਲਿਖਤੀ ਦਰਖਾਸਤ ਦੇ ਕੇ ਦੱਸਿਆ ਕਿ ਮਾਈਨਿੰਗ ਟੀਮ ਵੱਲੋਂ ਮੌਕੇ 'ਤੇ ਜਾ ਕੇ ਦੇਖਿਆ ਕਿ ਸੁਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮੰਗੂਵਾਲ ਥਾਣਾ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਆਪਣੇ ਖੇਤ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਕਰਵਾ ਕੇ ਮਿੱਟੀ ਦੀ ਨਿਕਾਸੀ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਈਨਿੰਗ ਐਕਟ ਅਤੇ ਡੀ.ਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਗਿ੍ਫਤਾਰੀ ਬਾਕੀ ਹੈ।

-----------

ਕੀ ਕਹਿਣਾ ਹੈ ਨਿਸ਼ਾਤ ਕੁਮਾਰ ਦਾ

ਇਸ ਕੇਸ ਬਾਰੇ ਜਦੋਂ ਨਿਸ਼ਾਤ ਕੁਮਾਰ ਜੂਨੀਅਰ ਇੰਜੀਨੀਅਨ-ਕਮ-ਮਾਈਨਿੰਗ ਇੰਸਪੈਕਟਰ ਰੂਪਨਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮੰਗੂਵਾਲ ਦੀ ਕਿਸੇ ਨੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਮੌਕਾ ਦੇਖਿਆ ਤਾਂ ਖੇਤ 'ਚੋਂ ਮਿੱਟੀ ਪੁੱਟੀ ਹੋਈ ਸੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਨਾ ਹੀ ਕੋਈ ਮਸ਼ੀਨ, ਨਾ ਹੀ ਕੋਈ ਵਾਹਨ ਤੇ ਨਾ ਹੀ ਕੋਈ ਵਿਅਕਤੀ ਮਿਲਿਆ। ਉਨ੍ਹਾਂ ਵੱਲੋਂ ਪਟਵਾਰੀ ਨੂੰ ਬੁਲਾ ਕੇ ਜ਼ਮੀਨ ਕਿਸ ਦੀ ਹੈ, ਦਾ ਪਤਾ ਲਾ ਕੇ ਪਰਚਾ ਦਰਜ ਕਰਵਾਇਆ ਗਿਆ ਹੈ

---------

ਲੋਹੁੰਡ ਖੱਡ 'ਚ ਨਜਾਇਜ਼ ਮਾਈਨਿੰਗ ਤੋਂ ਅਣਜਾਣਤਾ ਪ੍ਰਗਟਾਈ

ਨਿਸ਼ਾਤ ਕੁਮਾਰ ਜੂਨੀਅਰ ਇੰਜੀਨੀਅਨ-ਕਮ-ਮਾਈਨਿੰਗ ਇੰਸਪੈਕਟਰ ਰੂਪਨਗਰ ਦਾ ਧਿਆਨ ਜਦੋਂ ਲੋਹੁੰਡ ਖੱਡ 'ਚ ਪੈਂਦੀ ਪਿੰਡ ਕਲਿਆਣਪੁਰ, ਡਾਢੀ, ਦਬੂੜ, ਦੇਹਣੀ ਦੀ ਖੱਡ 'ਚ ਦਿਨ ਰਾਤ ਧੜੱਲੇ ਨਾਲ ਚੱਲ ਰਹੀ ਨਾਜਾਇਜ ਮਾਈਨਿੰਗ ਵੱਲ ਦੁਆਇਆ ਗਿਆ ਤਾਂ ਉਨ੍ਹਾਂ ਨੇ ਅਣਜਾਣਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ।

------------

ਲੋਹੁੰਡ ਖੱਡ 'ਚ ਚੱਲ ਰਹੀ ਨਜਾਇਜ਼ ਮਾਈਨਿੰਗ

ਦੱਸਣਯੋਗ ਹੈ ਕਿ ਲੋਹੁੰਡ ਖੱਡ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਮਿਤੀ 4 ਨਵੰਬਰ ਨੂੰ ਪ੍ਰਮੁੱਖਤਾ ਨਾਲ ਖ਼ਬਰ ਛਾਪੀ ਗਈ ਸੀ। ਡੇਰੇਨਜ਼ ਵਿਭਾਗ ਕਮ ਮਾਈਨਿੰਗ ਐਕਸੀਅਨ ਰੁਪਿੰਦਰ ਸਿੰਘ ਪਾਬਲਾ ਨਾਲ ਵੀ ਇਸ ਬਾਰੇ ਗੱਲ ਕੀਤੀ ਗਈ ਸੀ ਅਤੇ ਉਨ੍ਹਾਂਂ ਨੇ ਆਪਣੀ ਟੀਮ ਮੌਕਾ ਦੇਖਣ ਲਈ ਭੇਜਣ, ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਤਕ ਇਸ ਬਾਰੇ ਕੋਈ ਕਾਰਵਾਈ ਨਹੀਂ ਹੋਈ । ਜਿਸ ਤੋਂ ਇਹ ਸਾਫ਼ ਪਤਾ ਚੱਲਦਾ ਹੈ ਕਿ ਲੋਹੁੰਡ ਖੱਡ 'ਚ ਮਿਲੀਭੁਗਤ ਨਾਲ ਨਾਜਾਇਜ਼ ਮਾਈਨਿੰਗ ਦਾ ਕੰਮ ਚਲ ਰਿਹਾ ਹੈ। ਮਾਈਨਿੰਗ ਮਾਫ਼ੀਏ ਵੱਲੋਂ ਮਾਲਕੀ ਜ਼ਮੀਨ ਸਮੇਤ ਸ਼ਾਮਲਾਤ ਜ਼ਮੀਨ ਅਤੇ ਦਫ਼ਾ ਅਧੀਨ ਬੰਦ ਰਕਬੇ 'ਚੋਂ ਛੋਟੇ ਖਣਿਜ ਪਦਾਰਥਾਂ ਦੀ ਨਿਕਾਸੀ ਕਰਕੇ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ।