ਸਰਬਜੀਤ ਸਿੰਘ, ਰੂਪਨਗਰ : ਬੀਤੀ ਰਾਤ ਸਤਲੁਜ ਦਰਿਆ 'ਚ ਹਵੇਲੀ ਸ਼ਮਸ਼ਾਨਘਾਟ ਕੋਲ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਹਵੇਲੀ ਕਲਾਂ ਨਿਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਸਵਿਫਟ ਕਾਰ ਵਿਚ ਸਵਾਰ 2 ਮੁਲਜ਼ਮਾਂ ਨੂੰ ਸਿਟੀ ਥਾਣਾ ਰੋਪੜ ਦੀ ਪੁਲਿਸ ਕੋਲੋਂ ਕਾਬੂ ਕਰਵਾਇਆ।

ਇਸ ਦੇ ਨਾਲ ਹੀ ਜੇਸੀਬੀ, ਰੇਤੇ ਦਾ ਭਰਿਆ ਟਿੱਪਰ, ਟਾਟਾ ਗੱਡੀ ਤੇ ਸਵਿਫਟ ਕਾਰ ਨੂੰ ਵੀ ਕਬਜ਼ੇ ਵਿਚ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਅੱਠ ਜਣਿਆਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਇਸ ਦੌਰਾਨ ਸਿਟੀ ਥਾਣੇ ਤੋਂ ਮੌਕੇ 'ਤੇ ਪਹੁੰਚੇ ਏਐੱਸਆਈ ਸੁਭਾਸ਼ ਚੰਦਰ ਨੇ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਤੇ ਆਪਣੇ ਕੈਮਰੇ ਬੰਦ ਕਰ ਕੇ ਥਾਣੇ ਵਿਚ ਬੈਠ ਕੇ ਗੱਲ ਕਰਨ ਲਈ ਕਿਹਾ।

ਉਸ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ। ਐੱਸਐੱਸਪੀ ਸਵਪਨ ਸ਼ਰਮਾ ਨੇ ਸਖ਼ਤ ਕਾਰਵਾਈ ਕਰਦਿਆਂ ਏਐੱਸਆਈ ਸੁਭਾਸ਼ ਚੰਦਰ ਨੂੰ ਮੁਅੱਤਲ ਕਰ ਦਿੱਤਾ ਹੈ। ਥਾਣਾ ਸਿਟੀ ਰੋਪੜ ਦੇ ਮੁਖੀ ਹਰਕਿਰਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ 8 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਟੀ ਦੇ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਮਸ਼ਾਨਘਾਟ ਦੇ ਨਜ਼ਦੀਕ ਸਤਲੁਜ ਦਰਿਆ 'ਚ ਕੁਝ ਲੋਕ ਨਾਜਾਇਜ਼ ਮਾਈਨਿੰਗ ਕਰ ਰਹੇ ਹਨ । ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਇਕ ਟਿੱਪਰ , ਬਿਨਾਂ ਨੰਬਰ ਪਲੇਟ ਤੋਂ ਇਕ ਜੇਸੀਬੀ , ਸਵਿਫਟ ਡਿਜ਼ਾਇਰ ਕਾਰ, ਗੱਡੀ ਟਾਟਾ ਐਕਸ-ਈ-ਨਾਨ ਟੈਂਪਰੇਰੀ ਨੰਬਰ ਨੂੰ ਕਬਜ਼ੇ 'ਚ ਲਿਆ ਹੈ।

ਇਸ ਮਾਮਲੇ 'ਚ ਬਲਵਿੰਦਰ ਸਿੰਘ ਵਾਸੀ ਪਿੰਡ ਮਗਰੋੜ , ਪਲਵਿੰਦਰ ਸਿੰਘ ਵਾਸੀ ਸਿੰਬਲ ਝੱਲੀਆਂ , ਹਰਮੀਤ ਸਿੰਘ ਵਾਸੀ ਝੱਲੀਆਂ, ਗੁਰਪ੍ਰੀਤ ਸਿੰਘ ਵਾਸੀ ਕਲਾਲ ਬਿਰਤਾਂਤ, ਬਲਵਿੰਦਰ ਸਿੰਘਵਾਸੀ ਢੋਲਣਵਾਲ 'ਤੇ ਮਾਮਲਾ ਦਰਜ ਕੀਤਾ ਹੈ ਜਦਕਿ ਤਿੰਨ ਜਣਿਆਂ ਨੂੰ ਬਾਅਦ ਨਾਮਜ਼ਦ ਕੀਤਾ ਗਿਆ। ਮੌਕੇ 'ਤੇ ਪੁਹੰਚੇ ਮਾਈਨਿੰਗ ਅਫ਼ਸਰ ਨਿਸ਼ਾਂਤ ਕੁਮਾਰ ਤੇ ਪੁਲਿਸ ਪਾਰਟੀ ਨੂੰ ਮਾਇਨਿੰਗ ਸਬੰਧੀ ਕੋਈ ਵੀ ਮਨਜ਼ੂਰੀ ਪੇਸ਼ ਨਾ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਮਾਈਨਿੰਗ ਅਫ਼ਸਰ ਨਿਸ਼ਾਂਤ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰਦਿਆਂ ਦੱਸਿਆ ਕਿ ਸਤਲੁਜ ਦਰਿਆ 'ਚ ਸਿੰਚਾਈ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।