ਸਟਾਫ ਰਿਪੋਰਟਰ, ਰੂਪਨਗਰ : ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਵੱਲੋਂ ਜ਼ੋਨ-1 ਦੇ ਕੇਵੀਕੇ ਦੀ ਸਾਲਾਨਾ ਆਨਲਾਈਨ ਵਰਕਸ਼ਾਪ ਬੀਤੇ ਦਿਨੀਂ ਹੋਈ। ਇਸ ਦੌਰਾਨ ਵੱਖ-ਵੱਖ ਰਾਜਾਂ ਦੇ ਕੁਲ 69 ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਹਿੱਸਾ ਲਿਆ। ਇਸ ਪੋ੍ਗਰਾਮ ਵਿਚ ਜੰਮੂ-ਕਸ਼ਮੀਰ ਤੇ ਲੱਦਾਖ ਦੇ 21, ਉੱਤਰਾਖੰਡ ਦੇ 13, ਹਿਮਾਚਲ ਦੇ 13 ਅਤੇ ਪੰਜਾਬ ਦੇ 22 ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਸਾਲ ਭਰ ਦੀ ਕਾਰਗੁਜ਼ਾਰੀ ਦਾ ਵੇਰਵਾ ਪੇਸ਼ ਕੀਤਾ ਤੇ ਅਗਾਮੀ ਸਾਲ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਸਾਲ 2020-21 ਦੀਆਂ ਪ੍ਰਾਪਤੀਆਂ ਤੇ ਸਾਲਾਨਾ ਸਰਗਰਮੀਆਂ ਦੀ ਘੋਖ ਦੇ ਆਧਾਰ 'ਤੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੂੰ ਜ਼ੋਨ-1 ਦੇ ਕੁਲ 69 ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚੋਂ 'ਬੈਸਟ ਕੇਵੀਕੇ (ਦੂਜਾ ਸਥਾਨ) ਐਵਾਰਡ' ਨਾਲ ਸਨਮਾਨਿਆ ਗਿਆ।

ਵਰਕਸ਼ਾਪ ਵਿਚ ਆਈਸੀਏਆਰ ਦੇ ਡੀਜੀ ਅਤੇ ਸੈਕਟਰੀ (ਡੀਏਆਰਈ) ਡਾ. ਤਰਲੋਚਨ ਮੋਹਪਾਤਰਾ ਨੇ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਬੀਐੱਸ ਿਢੱਲੋਂ ਨੇ ਖ਼ਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਈਸੀਏਆਰ ਅਟਾਰੀ ਜੋਨ-1 ਦੇ ਜ਼ੋਨਲ ਪ੍ਰਾਜੈਕਟ ਡਾਇਰੈਕਟਰ ਡਾ. ਰਾਜਬੀਰ ਸਿੰਘ ਬਰਾੜ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਜੇਐੱਸ ਮਾਹਲ ਨੇ ਵਰਕਸ਼ਾਪ ਦੇ ਟੈਕਨੀਕਲ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਕੁਲ ਪੰਜ ਤਕਨੀਕੀ ਸੈਸ਼ਨ ਕੀਤੇ ਗਏ।

ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਪ੍ਰਰੀਤ ਸਿੰਘ ਮੱਕੜ ਨੇ ਡਾਇਰੈਕਟੋਰੇਟ ਪਸਾਰ ਸਿੱਖਿਆ ਪੀਏਯੂ ਤੇ ਆਈਸੀਏਆਰ ਅਟਾਰੀ ਜੋਨ-1 ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੰਤ ਵਿਚ ਡਾ. ਮੱਕੜ ਨੇ ਵਿਸ਼ਵਾਸ ਦੁਆਇਆ ਕਿ ਕੇਵੀਕੇ ਵੱਲੋਂ ਮਿਹਨਤ ਜਾਰੀ ਰਹੇਗੀ।