ਪਰਮਜੀਤ ਕੌਰ, ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਚੂਹੜ ਮਾਜਰਾ ਵਿਚ ਔਰਤ ਨੇ ਨਾਜ਼ਾਇਜ਼ ਸਬੰਧਾਂ ਕਾਰਨ ਆਪਣੇ ਆਸ਼ਕ ਨਾਲ ਮਿਲ ਕੇ ਜੀਵਨ ਸਾਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਸੰਗੀਨ ਕੇਸ ਬਾਰੇ ਪੁਲਿਸ ਦੀ ਜਾਂਚ ਦੇ ਨਤੀਜੇ ਸਾਹਮਣੇ ਆਏ ਹਨ। ਡੀਐੱਸਪੀ ਸੁਖਜੀਤ ਸਿੰਘ ਵਿਰਕ, ਥਾਣਾ ਮੁਖੀ ਗੁਰਪ੍ਰੀਤ ਸਿੰਘ ਤੇ ਥਾਣੇਦਾਰ ਸੁਆਰਥੀ ਨੇ ਦੱਸਿਆ ਹੈ ਕਿ ਮਿ੍ਤਕ ਹਰਜੀਤ ਸਿੰਘ ਦੀ ਵਿਧਵਾ ਜਸਵੀਰ ਕੌਰ ਨੇ ਪੁਲਿਸ ਕੋਲ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਮੁਲਜ਼ਮਾ ਜਸਵੀਰ ਕੌਰ ਨੇ ਦੱਸਿਆ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਨੇੜਲੇ ਪਿੰਡ ਟੱਪਰੀਆਂ ਕੰਧੋਲਾ ਵਿਚ ਰਹਿੰਦੇ ਕੁਲਵਿੰਦਰ ਸਿੰਘ ਨਾਲ ਉਸ ਦੇ ਸਬੰਧ ਬਣ ਗਏ ਸਨ।

ਇਸ ਨਾਜਾਇਜ਼ ਰਿਸ਼ਤੇ ਦਾ ਉਸ ਦੇ ਪਤੀ ਨੂੰ ਪਤਾ ਲੱਗ ਚੁੱਕਿਆ ਸੀ, ਇਸ ਕਾਰਨ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਬੀਤੇ ਦਿਨੀਂ ਇਹ ਕਲੇਸ਼ ਇੰਨਾ ਵਧ ਗਿਆ ਕਿ ਔਰਤ ਨੇ ਆਪਣੇ ਆਸ਼ਕ ਦੇ ਨਾਲ ਰਲ ਕੇ ਜੀਵਨ ਸਾਥੀ ਦੇ ਸਿਰ ਵਿਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤੇ। ਇਨ੍ਹਾਂ ਅਨਸਰਾਂ ਨੇ ਇਸ ਕਤਲ ਨੂੰ ਹਾਦਸੇ ਦਾ ਰੂਪ ਦੇ ਕੇ ਮਕਾਨ ਦੀ ਛੱਤ ਤੋਂ ਡਿੱਗਣ ਦਾ ਕਾਰਨ ਦੱਸਿਆ ਸੀ।

ਕੀਤੀ ਸਖ਼ਤੀ ਤਾਂ ਪ੍ਰਗਟ ਹੋਇਆ ਸੱਚ

ਪੁਲਿਸ ਨੇ ਪੁੱਛ ਪੜਤਾਲ ਕੀਤੀ ਤਾਂ ਵਿਧਵਾ ਔਰਤ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਰੂਪਨਗਰ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦੋਵਾਂ ਦਾ ਇਕ ਦਿਨਾ ਰਿਮਾਂਡ ਹਾਸਿਲ ਹੋਇਆ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤਿਆ ਤੇਜ਼ਧਾਰ ਹਥਿਆਰ ਤੇ ਖ਼ੂਨ ਨਾਲ ਲਿੱਬੜੇ ਕੱਪੜੇ ਬਰਾਮਦ ਕਰ ਲਏ ਹਨ। ਮੁਲਜ਼ਮਾਂ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਰਹੂਮ ਵਿਅਕਤੀ ਦੋ ਮਾਸੂਮ ਬਾਲਾਂ ਦਾ ਬਾਪ ਸੀ।