ਸਰਬਜੀਤ ਸਿੰਘ, ਰੂਪਨਗਰ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਕਮਰ ਕੱਸੀ ਗਈ ਹੈ ਤੇ ਹਰ ਵਰਗ ਨੂੰ ਰਾਹਤ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਬੁਢਾਪਾ ਪੈਨਸ਼ਨਰਾਂ ਨੂੰ ਦੋ ਮਹੀਨੇ ਦੀ ਪੈਨਸ਼ਨ ਦੇ ਕੇ ਰਾਹਤ ਦਿੱਤੀ ਹੈ ਤੇ ਲੋੜਵੰਦ ਨੀਲੇ ਕਾਰਡ ਧਾਰਕਾਂ ਨੂੰ ਕਣਕ ਤੇ ਦਾਲ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਮੋਬਾਈਲ ਫੋਨਾਂ ਰਾਹੀਂ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਤੇ ਵੀਡੀਓ ਕਾਨਫਰੰਸਾਂ ਰਾਹੀ ਸਿਲੇਬਸ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਹੈ। ਬੇਸ਼ੱਕ ਸਰਕਾਰ ਦਾ ਇਹ ਯਤਨ ਸ਼ਲਾਘਾਯੋਗ ਹੈ ਪਰ ਕੈਪਟਨ ਸਰਕਾਰ ਇਹ ਭੁੱਲ ਗਈ ਹੈ ਕਿ ਉਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਤਾਂ ਕਿ ਪੜ੍ਹਾਈ ਹੋਰ ਵਧੀਆ ਤਰੀਕੇ ਨਾਲ ਕਰ ਸਕਣ, ਪਰ ਤਿੰਨ ਸਾਲ ਤੋਂ ਸਰਕਾਰ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਪੂਰਾ ਨਹੀਂ ਕਰ ਸਕੀ ਹੈ। ਹੁਣ ਕੋਰੋਨਾ ਵਾਇਰਸ ਕਾਰਨ ਬੇਸ਼ੱਕ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੋਬਾਈਲ ਫੋਨ 'ਤੇ ਵੱਟਸਐਪ ਗੁਰੱਪਾਂ ਰਾਹੀਂ ਸਿਲੇਬਸ ਭੇਜ ਕੇ ਪੜ੍ਹਾਉਣ ਦਾ ਯਤਨ ਸਿਰੇ ਚੜ੍ਹਦਾ ਨਹੀਂ ਦਿਖ ਰਿਹਾ ਹੈ। ਕਿਉਂਕਿ ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਦਿਹਾੜੀਦਾਰ, ਗਰੀਬ ਵਰਗ ਦੇ ਬੱਚੇ ਹੀ ਪੜ੍ਹਾਈ ਕਰ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ਗਰੀਬ ਪਰਿਵਾਰਾਂ ਦੇ ਹੋਣ ਕਾਰਨ ਮਾਪਿਆਂ ਕੋਲ ਆਮ ਮੋਬਾਈਲ ਤਾਂ ਹਨ ਪਰ ਸਮਾਰਟ ਫੋਨ ਨਹੀਂ ਹਨ, ਜਿਸ 'ਤੇ ਵੱਟਸਐਪ ਗਰੁੱਪ ਬਣਾਇਆ ਜਾ ਸਕੇ ਤੇ ਸਿੱਖਿਆ ਸਮੱਗਰੀ ਵਾਲੀ ਵੀਡਿਓ ਡਾਊਨਲੋਡ ਕੀਤੀ ਜਾ ਸਕੇ।

ਰੋਪੜ ਵਿਖੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਗਰੀਬ ਪਰਿਵਾਰਾਂ 'ਚ ਗੁਰਮੁੱਖ ਸਿੰਘ, ਦਵਿੰਦਰ ਸਿੰਘ, ਗੁਰਧਿਆਨ ਸਿੰਘ, ਕੁਲਵੰਤ ਸਿੰਘ ਨੇ ਦੱਸਿਆ ਕਿ ਲਾਕਡਾਊਨ ਕਰਕੇ ਉਹ ਦਿਹਾੜੀ ਵੀ ਨਹੀਂ ਕਰ ਸਕਦੇ ਅਤੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਲੈ ਕੇ ਕਿੱਥੋਂ ਦੇ ਸਕਦੇ ਹਨ, ਜਿਸ ਨਾਲ ਉਹ ਪੜ੍ਹਾਈ ਜਾਰੀ ਰੱਖ ਸਕੇ। ਇਸ ਤੋਂ ਇਲਾਵਾ ਕਿਤਾਬਾਂ ਦੀਆਂ ਦੁਕਾਨਾਂ ਬੰਦ ਹੋਣ ਕਰ ਕੇ ਵਿਦਿਆਰਥੀਆਂ ਨੂੰ ਕਾਪੀਆਂ ਲੈਣ ਲਈ ਵੀ ਦਿੱਕਤ ਆ ਰਹੀ ਹੈ, ਜਿਸ ਪਰਿਵਾਰ 'ਚੋਂ ਤਿੰਨ ਬੱਚੇ ਸਰਕਾਰੀ ਸਕੂਲ ਵਿਚ ਪੜਦੇ ਹਨ ਅਤੇ ਮੋਬਾਈਲ ਫੋਨ ਇੱਕ ਹੀ ਹੈ ਤਾਂ ਉਸ ਪਰਿਵਾਰ ਨੂੰ ਹੋਰ ਵੀ ਵੱਡੀ ਪਰੇਸ਼ਾਨੀ ਹੁੰਦੀ ਹੈ।

ਗ਼ਰੀਬ ਮਾਪੇ ਕਿੱਥੋਂ ਲੈਣਗੇ ਸਮਾਰਟ ਫੋਨ

ਲਾਕਡਾਊਨ ਨਾਲ ਸਾਰੇ ਕਾਰੋਬਾਰ ਬੰਦ ਹੋਣ ਕਾਰਨ ਕੋਈ ਆਮਦਨ ਨਾ ਹੋਣ ਕਰਕੇ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਸਮਾਰਟ ਫੋਨ ਨਹੀਂ ਲੈ ਕੇ ਦੇ ਸਕਦੇ ਤੇ ਨਾ ਹੀ ਮਹਿੰਗੇ ਨੈੱਟ ਪੈਕ ਲੈ ਕੇ ਪਾ ਸਕਦੇ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਦਾ ਮਨੋਰਥ ਪੂਰਾ ਹੁੰਦਾ ਨਹੀਂ ਦਿੱਖ ਰਿਹਾ ਤੇ ਗਰੀਬ ਪਰਿਵਾਰਾਂ ਦੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਬੱਚੇ ਆਪਣੇ ਸਕੂਲ ਦੇ ਅਧਿਆਪਕ ਦੇ ਮੋਬਾਈਲ ਫੋਨ ਰਾਹੀਂ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਬਾਰੇ ਕੁੱਝ ਅਧਿਆਪਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਣ ਸਿਰਫ ਮੋਬਾਈਲ ਫੋਨ ਜਰੀਏ ਹੀ ਪੜਨਾ ਪਏਗਾ ਅਤੇ ਫੋਨ ਖਰੀਦਣਾ ਬਹੁਤ ਜ਼ਰੂਰੀ ਹੋ ਗਿਆ ਹੈ।

ਕੀ ਕਹਿੰਦੇ ਹਨ ਡੀਈਓ ਸੈਕੰਡਰੀ ਰੂਪਨਗਰ

ਇਸ ਬਾਰੇ ਪੰਜਾਬੀ ਜਾਗਰਣ ਵੱਲੋਂ ਜਦੋਂ ਡੀਈਓ ਸੈਕੰਡਰੀ ਸ਼ਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਫੈਸਲਾ ਪੰਜਾਬ ਸਰਕਾਰ ਨੇ ਕਰਨਾ ਹੈ, ਇਹ ਸਰਕਾਰ ਹੀ ਦੱਸ ਸਕਦੀ ਹੈ ਕਿ ਵਿਦਿਆਰਥੀਆਂ ਨੂੰ ਸਮਾਰਟ ਫੋਨ ਕਦੋਂ ਮਿਲਣਗੇ। ਫਿਲਹਾਲ ਸਿੱਖਿਆ ਵਿਭਾਗ ਵਲੋਂ ਕੋਰੋਨਾ ਵਾਇਰਸ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਮੋਬਾਈਲ ਫੋਨਾਂ ਰਾਹੀਂ ਤੇ ਵੱਟਸਐਪ ਗਰੁੱਪਾਂ ਰਾਹੀਂ ਸਿਲੇਬਸ ਪੜ੍ਹਾਉਣ ਦਾ ਯਤਨ ਕੀਤਾ ਹੈ, ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋ ਸਕੇ।