ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ

ਵਾਰਡ ਨੰਬਰ-10 ਦੇ ਮੁਹੱਲਾ ਨਵੀਂ ਅਬਾਦੀ ਵਿਖੇ ਸਥਿਤ ਦੁਕਾਨ ਦੇ ਉੱਪਰ ਬਣੇ ਮਕਾਨ ਵਿਚ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਦਾ ਸਮਾਨ ਸੜ ਗਿਆ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ 1 ਵਜੇ ਦੇ ਕਰੀਬ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਮੁਹੱਲਾ ਨਵੀਂ ਆਬਾਦੀ ਵਿਖੇ ਸਥਿਤ ਦੁਕਾਨ ਦੇ ਉੱਪਰ ਬਣੇ ਮਕਾਨ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਪਹਿਲੀ ਮੰਜ਼ਿਲ ਉੱਤੇ ਬਣੇ ਮਕਾਨ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਫਾਇਰ ਬਿ੍ਗੇਡ ਨਾ ਹੋਣ ਕਰਕੇ ਪੀੜਤ ਪਰਿਵਾਰ ਦੇ ਮੈਂਬਰਾਂ ਤੇ ਮੁਹੱਲਾ ਵਾਸੀਆਂ ਨੇ ਹਿੰਮਤ ਦਿਖਾਉਂਦੇ ਹੋਏ ਇਕ ਲੜੀ ਬਣਾਈ ਗਈ ਅਤੇ ਪਾਣੀ ਦੀਆਂ ਬਾਲਟੀਆਂ ਸੁੱਟੀਆਂ ਗਈਆਂ ਜਿਸ ਤੋਂ ਬਾਅਦ ਕਾਫੀ ਦੇਰ ਤਕ ਜਾ ਕੇ ਅੱਗ ਉੱਤੇ ਕੁਝ ਹੱਦ ਤਕ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਮੌਕੇ 'ਤੇ ਪੁਲਿਸ ਮੁਲਾਜ਼ਮ ਪਹੁੰਚ ਗਏ, ਜਿਨ੍ਹਾਂ ਨੇ ਲੋਕਾਂ ਨੂੰ ਪਾਸੇ ਕਰ ਕੇ ਅੱਗ ਵਿਚ ਫਸੇ ਪਰਿਵਾਰ ਦੀ ਮਦਦ ਕੀਤੀ।

ਕਦੋਂ ਮਿਲੇਗੀ ਫਾਇਰ ਬਿ੍ਗੇਡ

ਇਸ ਸਬੰਧ ਵਿੱਚ ਇਕੱਤਰ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਫਾਇਰ ਬਿ੍ਗੇਡ ਨਾ ਹੋਣ ਦੇ ਕਾਰਨ ਅੱਗ ਲੱਗਣ ਨਾਲ ਕਾਫ਼ੀ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਜਦੋਂ ਤਕ ਫਾਇਰ ਬਿ੍ਗੇਡ ਪਹੁੰਚਦੀ ਹੈ ਉਦੋਂ ਤਕ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੁੰਦਾ ਹੈ।