ਲਖਵੀਰ ਖਾਬੜਾ, ਰੂਪਨਗਰ : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਚੋਣ ਲੜਨ ਦੀ ਮਿਲੀ ਪ੍ਰਵਾਨਗੀ ਤੋਂ ਬਾਅਦ ਅੱਜ ਰੋਪੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਈਕੋਰਟ ਵਲੋਂ ਉਨ੍ਹਾਂ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇਣ ਨਾਲ ਨਿਆਂਪਾਲਿਕਾ ਵਿਚ ਹੋਰ ਵੀ ਭਰੋਸਾ ਕਾਇਮ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਸ਼ੇਰਗਿੱਲ ਨੇ ਹਾਈਕਰੋਟ ਤੋਂ ਲਿਆਂਦੀ ਮਿੱਟੀ ਨੂੰ ਚੁੰਮਦੇ ਹੋਏ ਕਿਹਾ ਕਿ ਮੈਨੂੰ ਭਰੋਸਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਹਾਈਕੋਰਟ ਵਲੋਂ ਇਨਸਾਫ ਮਿਲੇਗਾ, ਕਿਉਂਕਿ ਉਨ੍ਹਾਂ ਨੇ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਅਨੁਸਾਰ ਹੀ ਪਿਛਲੀ ਵਾਰ ਚੋਣ ਲੜਨ ਤੋਂ ਬਾਅਦ ਖਰਚ ਸਬੰਧੀ ਰਿਪੋਰਟ ਪੇਸ਼ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚੋਣ ਲੜਨ ਤੋਂ ਰੋਕਣ ਲਈ ਵਿਰੋਧੀ ਪਾਰਟੀਆਂ ਦੀ ਚਾਲ ਵੀ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੇ ਹੱਕ ਵਿਚ ਫੈਸਲਾ ਹੋਣ ਨਾਲ ਹਲਕੇ ਦੇ ਵੋਟਰਾਂ ਵਲੋਂ ਵੀ ਸੰਤੁਸ਼ਟੀ ਜਤਾਈ ਗਈ ਹੈ।

ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਨੂੰ ਹਲਕੇ ਦੇ ਲੋਕਾਂ ਵਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੇ ਕੋਲ ਕੋਈ ਵੀ ਚੋਣ ਮੁੱਦਾ ਨਹੀਂ ਹੈ ਅਤੇ ਇਕ ਦੂਜੇ 'ਤੇ ਚਿੱਕੜ ਉਛਾਲਣ ਵਿਚ ਹੀ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੇਰਾ ਮਨੋਰਥ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਾ ਅਤੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਇੰਡਸਟੀਰਜ਼ ਖੁਲ੍ਹਵਾਉਣਾ ਹੈ। ਇਸ ਮੌਕੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਰੋੜੀ, ਡਾ.ਚਰਨਜੀਤ ਸਿੰਘ ਇੰਚਾਰਜ ਹਲਕਾ ਸ੍ਰੀ ਚਮਕੌਰ ਸਾਹਿਬ, ਹਰੀਸ਼ ਕੌਸ਼ਲ, ਡੀਐਸ ਚਾਹਲ, ਪ੍ਰਲਾਦ ਸਿੰਘ ਢੰਗਰਾਲੀ, ਐਨਪੀ ਰਾਣਾ, ਪਾਲ ਸਿੰਘ, ਸਰਬਜੀਤ ਸਿੰਘ ਹੁੰਦਲ, ਬਲਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਬਹਿਰਾਮਪੁੁਰ, ਰਣਜੀਤ ਸਿੰਘ ਪਤਿਆਲਾ ਆਦਿ ਮੌਜੂੂਦ ਸਨ।