ਗੁਰਦੀਪ ਭੱਲੜੀ, ਨੰਗਲ : ਕੋਰੋਨਾ ਦੌਰਾਨ ਜਿੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅਹਿਮ ਯੋਗਦਾਨ ਪਾਇਆ ਹੈ, ਉੱਥੇ ਹੀ ਇਸ ਸਮੇਂ ਦੌਰਾਨ ਪੱਤਰਕਾਰ ਭਾਈਚਾਰੇ ਵੱਲੋਂ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ ਹੈ । ਇਹ ਪ੍ਰਗਟਾਵਾ ਅੱਜ ਮਾਂ ਬੋਲੀ ਪੰਜਾਬੀ ਦੀ ਚੜਦੀ ਕਲਾ ਲਈ ਮੋਹਰੀ ਭੂਮਿਕਾ ਨਿਭਾ ਰਹੀ ਸੰਸਥਾ, ਅੱਖਰ ਚੇਤਨਾ ਮੰਚ ਵੱਲੋਂ ਸਰਪ੍ਰਸਤ ਰਾਕੇਸ਼ ਨਈਅਰ ਅਤੇ ਪ੍ਰਧਾਨ ਦਵਿੰਦਰ ਸ਼ਰਮਾ ਵੱਲੋਂ ਮੀਡੀਆ ਕਰਮੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਗਏ ਸਮਾਰੋਹ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਸਿਹਤ, ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਇਲਾਵਾ ਸਮਾਜ ਸੇਵੀ ਸੰਗਠਨਾਂ ਵੱਲੋਂ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਗਈ ਹੈ, ਉੱਥੇ ਹੀ ਲੋਕਾਂ ਦੀ ਅਵਾਜ ਨੂੰ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਬਾਖੂਬੀ ਪਹੁੰਚਾਇਆ ਹੈ ਅਤੇ ਕੋਰੋਨਾ ਦੀ ਮਹਾਂਮਾਰੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇਸੇ ਕਰਕੇ ਹੀ ਅੱਜ ਪੰਜਾਬ ਸਰਕਾਰ ਵੱਲੋਂ ਇਸ ਮਹਾਂਮਾਰੀ ਨੂੰ ਨੱਥ ਪਾਉਣ ਵਿੱਚ ਕਾਫੀ ਸਫਲਤਾ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਪੰਜਾਬ ਸਰਕਾਰ ਪ੍ਰਰੈਸ ਦੀ ਅਜ਼ਾਦੀ ਲਈ ਹਮੇਸ਼ਾ ਹੀ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀਆਂ ਦੀ ਸੁਰੱਖਿਆ ਲਈ ਸੂਬਾ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਦਾ ਤੋਹਫਾ ਦਿਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੰਸਥਾ ਅੱਖਰ ਚੇਤਨਾ ਮੰਚ ਵੱਲੋਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਸਮਾਜ ਦੀ ਬਿਹਤਰੀ ਲਈ ਕੰਮ ਕਰਦੀਆਂ ਹਨ ਮੈਂ ਹਮੇਸ਼ਾਂ ਹੀ ਉਨ੍ਹਾਂ ਦੀ ਮਦਦ ਕੀਤੀ ਹੈ। ਇਸ ਮੌਕੇ ਅੱਖਰ ਚੇਤਨਾ ਮੰਚ ਵੱਲੋਂ ਮੀਡੀਆ ਕਰਮੀਆਂ ਨੂੰ ਦੋਸ਼ਾਲੇ, ਸਾਹਿਤਕ ਨਾਲ ਸੰਬੰਧਿਤ ਵੱਖ ਵੱਖ ਲੇਖਕਾਂ ਦੀਆਂ ਕਿਤਾਬਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਅੱਖਰ ਚੇਤਨਾ ਮੰਚ ਦੇ ਸਰਪ੍ਰਸਤ ਰਾਕੇਸ਼ ਨਈਅਰ ਅਤੇ ਸ਼ਾਇਰ ਦਵਿੰਦਰ ਸ਼ਰਮਾ ਨੇ ਕਿਹਾ ਕਿ ਅੱਖਰ ਚੇਤਨਾ ਮੰਚ ਹਮੇਸ਼ਾਂ ਹੀ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਯੋਗਦਾਨ ਪਾਉਦਾਂ ਰਹੇਗਾ। ਇਸ ਮੌਕੇ ਉਨਾਂ ਨੰਗਲ ਦੀ ਪ੍ਰਰੈਸ ਵੱਲੋਂ ਨਿਰਪੱਖ ਤੌਰ 'ਤੇ ਨਿਭਾਈ ਜਾਂਦੀ ਭੂਮਿਕਾ ਲਈ ਵਿਸ਼ੇਸ਼ ਤੌਰ 'ਤੇ ਸ਼ਲਾਘਾ ਵੀ ਕੀਤੀ।