ਲਖਵੀਰ ਖਾਬੜਾ, ਰੂਪਨਗਰ : ਰੂਪਨਗਰ ਜ਼ਿਲ੍ਹੇ 'ਚ ਸਿਹਤ ਮੰਤਰੀ ਪੰਜਾਬ ਵਿਜੇ ਸਿੰਗਲਾ ਦੀ ਪਹਿਲੀ ਫੇਰੀ ਨੂੰ ਲੈ ਕੇ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਸਵਾਗਤ ਕਰਨ ਦਾ ਚਾਅ ਅਧੂਰਾ ਹੀ ਰਹਿ ਗਿਆ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਮੰਤਰੀ ਸਾਬ੍ਹ ਦੀ ਤਾਂ ਛੁੱਟੀ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਰੂਪਨਗਰ ਬਲਾਕ ਦੇ ਪਿੰਡ ਲਖਮੀਪੁਰ ਨੇੜੇ ਰੰਗੀਲਪੁਰ ਵਿਚ ਵੂਮੈਨ ਐਂਡ ਚਾਈਲਡ ਕੇਅਰ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਬਣਾਏ ਚੈਰੀਟੇਬਲ ਹਸਪਤਾਲ ਦਾ 25 ਮਈ 2022 ਬੁੱਧਵਾਰ ਨੂੰ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਰਸਮੀ ਉਦਘਾਟਨ ਕਰਨ ਲਈ ਸਵੇਰੇ 10 ਵਜੇ ਆਉਣਾ ਸੀ। ਹਸਪਤਾਲ ਦੀ ਮੈਨੇਜਮੈਂਟ ਵੱਲੋਂ ਕੀਤੀਆਂ ਤਿਆਰੀਆਂ ਵੀ ਵਿਚਾਲੇ ਰਹਿ ਗਈਆਂ। ਹੁਣ ਉਦਘਾਟਨ ਕਰਨ ਲਈ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਤੇ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਪਹੁੰਚ ਰਹੇ ਹਨ। ਇਸ ਗੱਲ ਦੀ ਪੁਸ਼ਟੀ ਚੈਰੀਟੇਬਲ ਹਸਪਤਾਲ ਦੇ ਡਾਕਟਰ ਕਮਲਜੀਤ ਸਿੰਘ ਨੇ ਕੀਤੀ ਹੈ।

ਮੰਤਰੀ ਦੇ ਟੂਰ ਪੋ੍ਗਰਾਮ ਅਨੁਸਾਰ ਸਿਵਲ ਹਸਪਤਾਲ ਰੂਪਨਗਰ ਦੇ ਅਧਿਕਾਰੀਆਂ ਨਾਲ ਵੀ ਇਕ ਮੀਟਿੰਗ ਹਸਪਤਾਲ 'ਚ ਰੱਖੀ ਗਈ ਸੀ ਇਸ ਲਈ ਸਰਕਾਰੀ ਹਸਪਤਾਲ ਰੂਪਨਗਰ ਦੇ ਪ੍ਰਬੰਧਕਾਂ ਨੂੰ ਵੀ ਮੰਤਰੀ ਦੇ ਜ਼ਿਲ੍ਹੇ ਵਿਚ ਪਹਿਲੀ ਵਾਰ ਪਹੁੰਚਣ ਦਾ ਚਾਅ ਸੀ। ਹਸਪਤਾਲ ਨੂੰ ਹਰੇਕ ਪੱਖ ਤੋਂ ਤੰਦਰੁਸਤ ਕੀਤਾ ਗਿਆ ਸੀ।

ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਰਸੇਮ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਪੰਜਾਬ ਵਿਜੇ ਸਿੰਗਲਾ ਨੇ ਪਿੰਡ ਲਖਮੀਪੁਰ ਵਿਚ ਪੈਦੇ ਇਕ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਕਰਨ ਲਈ ਆਉਣਾ ਸੀ ਇਸ ਲਈ ਮੰਤਰੀ ਬਣਨ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੀ ਪਹਿਲੀ ਫੇਰੀ ਹੋਣ ਕਰਕੇ ਹਸਪਤਾਲ ਦੇ ਅਧਿਕਾਰੀ ਤੇ ਮੁਲਾਜ਼ਮ ਚੌਕਸ ਸਨ। ਡਾ. ਤਰਸੇਮ ਸਿੰਘ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭਿ੍ਸ਼ਟਾਚਾਰ ਦੇ ਮਾਮਲੇ 'ਚ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ ਇਸ ਲਈ ਮੰਤਰੀ ਦਾ ਦੌਰਾ ਐਨ ਮੌਕੇ 'ਤੇ ਰੱਦ ਹੋ ਗਿਆ।